ਦੱਖਣੀ ਮੁੰਬਈ ਦੇ ਡੋਂਗਰੀ ਵਿਚ ਅੱਜ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗ ਗਈ, ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 40 ਤੋਂ ਵੱਧ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਸੂਬੇ ਦੇ ਹਾਊਸਿੰਗ ਮੰਤਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਮੁੰਬਈ ਦੇ ਡੋਂਗਰੀ ਵਿਚ ਟੰਡੇਲ ਮਾਰਗ ’ਤੇ ਭੀੜੀ ਗਲੀ ਵਿਚ ਸਥਿਤ ਕੌਸਰਬਾਗ ਇਮਾਰਤ ਦੇ ਡਿੱਗਣ ਕਾਰਨ 12 ਵਿਅਕਤੀ ਮਾਰੇ ਗਏ। ਬੀਐੱਮਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ 8 ਵਿਅਕਤੀ ਜ਼ਖ਼ਮੀ ਹੋ ਗਏ। ਮੁੰਬਈ ਦੇ ਮੇਅਰ ਵਿਸ਼ਵਨਾਥ ਮਹਾਦੇਸ਼ਵਰ ਨੇ ਕਿਹਾ ਕਿ ਉਨ੍ਹਾਂ ਨੇ ਮਿਉਂਸਿਪਲ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੌਕੇ ’ਤੇ ਪੁੱਜੇ ਮੁੰਬਾਦੇਵੀ ਦੇ ਵਿਧਾਇਕ ਅਮੀਨ ਪਟੇਲ ਨੇ ਕਿਹਾ ਕਿ ਬਚਾਅ ਕਾਰਜਾਂ ਵਿਚ ਮਦਦ ਲਈ ਐੱਨਡੀਆਰਐੱਫ ਦੀ ਟੀਮ ਵੀ ਪੁੱਜ ਗਈ ਹੈ। ਮਲਬੇ ਹੇਠ 10-12 ਪਰਿਵਾਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਹ ਇਮਾਰਤ ਕਰੀਬ ਸੌ ਸਾਲ ਪੁਰਾਣੀ ਸੀ। ਇਹ ਖ਼ਸਤਾ ਹਾਲ ਇਮਾਰਤਾਂ ਦੀ ਸੂੁਚੀ ਵਿਚ ਨਹੀਂ ਸੀ ਤੇ ਇਸ ਨੂੰ ਪੁਨਰ ਵਿਕਾਸ ਲਈ ਡਿਵੈਲਪਰ ਨੂੰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉੱਥੇ 10-15 ਪਰਿਵਾਰ ਰਹਿ ਰਹੇ ਸਨ।
HOME ਮੁੰਬਈ ਵਿਚ ਚਾਰ ਮੰਜ਼ਿਲਾ ਇਮਾਰਤ ਡਿੱਗੀ; 11 ਮੌਤਾਂ