ਚੇਨੱਈ ਸੁਪਰਕਿੰਗਜ਼ ਭਾਵੇਂ ਕਿ ਪਲੇਅਆਫ਼ ’ਚ ਜਗ੍ਹਾ ਬਣਾਉਣ ਲਈ ਜ਼ਰੂਰੀ 16 ਅੰਕ ਦੇ ਕੱਟ ਆਫ਼ ਤੱਕ ਪਹੁੰਚ ਚੁੱਕੀ ਹੈ ਪਰ ਫਿਰ ਵੀ ਉਹ ਭਲਕੇ ਸ਼ੁੱਕਰਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਆਈਪੀਐੱਲ ਮੈਚ ’ਚ ਜਿੱਤ ਰਾਹੀਂ ਸਿਖ਼ਰ ’ਤੇ ਆਪਣਾ ਸਥਾਨ ਮਜ਼ਬੂਤ ਕਰਨਾ ਚਾਹੇਗੀ।
ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਦੋ ਵਾਰ ਹਾਰਣ ਤੋਂ ਬਾਅਦ ਤੋਂ ਬਾਅਦ ਮੁੜ ਵਾਪਸੀ ਕੀਤੀ। ਉਸ ਨੇ ਸ਼ੇਨ ਵਾਟਸਨ ਦੀ ਹਮਲਾਵਰ ਪਾਰੀ ਦੀ ਬਦੌਲਤ ਮੰਗਲਵਾਰ ਦੀ ਰਾਤ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ’ਤੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਹੁਣ ਮੇਜ਼ਬਾਨ ਟੀਮ ਭਲਕੇ ਵੀ ਇਸੇ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ। ਉੱਥੇ ਹੀ ਮਹਿਮਾਨ ਟੀਮ 10 ਮੈਚਾਂ ’ਚ 12 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਉਹ ਰਾਜਸਥਾਨ ਰੌਇਲਜ਼ ਖ਼ਿਲਾਫ਼ ਹਾਰ ਤੋਂ ਬਾਅਦ ਇੱਥੇ ਪਹੁੰਚੀ ਹੈ ਅਤੇ ਪਲੇਅਆਫ਼ ਦੀ ਦੌੜ ’ਚ ਖ਼ੁਦ ਨੂੰ ਬਣਾਈ ਰੱਖਣ ਲਈ ਬੇਚੈਨ ਹੋਵੇਗੀ।
ਚੇਨੱਈ ਸੁਪਰਕਿੰਗਜ਼ ਨੇ ਵਾਟਸਨ ਦੀ ਫਾਰਮ ਵਿੱਚ ਵਾਪਸੀ ਦਾ ਸਵਾਗਤ ਕੀਤਾ ਪਰ ਟੀਮ ਆਸ ਕਰ ਰਹੀ ਹੋਵੇਗੀ ਕਿ ਸੁਰੇਸ਼ ਰੈਨਾ, ਅੰਬਾਤੀ ਰਾਇਡੂ ਅਤੇ ਕੇਦਾਰ ਜਾਧਵ ਨੌਕਆਊਟ ਗੇੜ ਤੋਂ ਪਹਿਲਾਂ ਫਾਰਮ ’ਚ ਆ ਜਾਵੇ। ਜਾਧਵ ਦਾ ਫਾਰਮ ’ਚ ਵਾਪਸੀ ਕਰਨਾ ਅਹਿਮ ਹੈ ਕਿਉਂਕਿ ਵਿਸ਼ਵ ਕੱਪ ਇਸ ਟੂਰਨਾਮੈਂਟ ਤੋਂ ਬਾਅਦ ਹੀ ਹੈ। ਗੇਂਦਬਾਜ਼ਾਂ ਨੇ ਹੁਣ ਤੱਕ ਚੇਨੱਈ ਸੁਪਰਕਿੰਗਜ਼ ਦੀ ਸਫ਼ਲਤਾ ’ਚ ਵੱਡੀ ਭੂਮਿਕਾ ਅਦਾ ਕੀਤੀ ਹੈ, ਖ਼ਾਸ ਕਰ ਕੇ ਘਰੇਲੂ ਮੈਦਾਨ ’ਤੇ ਜਿੱਥੋਂ ਦੀ ਪਿੱਚ ਕਾਫੀ ਧੀਮੀ ਹੈ। ਉੱਧਰ, ਕਾਫੀ ਸੁਧਾਰ ਕਰਨ ਵਾਲਾ ਦੀਪਕ ਚਾਹਰ ਆਉਣ ਵਾਲੇ ਮੈਚਾਂ ਵਿੱਚ ਸ਼ੁਰੂਆਤ ਤੇ ਆਖ਼ਰੀ ਓਵਰਾਂ ’ਚ ਆਪਣੀ ਚਲਾਕ ਗੇਂਦਬਾਜ਼ੀ ਨਾਲ ਕਾਫੀ ਮਹੱਤਵਪੂਰਨ ਹੋਵੇਗਾ। 16 ਵਿਕਟਾਂ ਲੈ ਕੇ ਟੂਰਨਾਮੈਂਟ ’ਚ ਦੂਜੇ ਸਥਾਨ ’ਤੇ ਚੱਲ ਰਹੇ ਗੇਂਦਬਾਜ਼ ਇਮਰਾਨ ਤਾਹਿਰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ’ਚ ਵਿਕਟ ਨਹੀਂ ਲੈ ਸਕਿਆ ਪਰ ਇਸ ਦੱਖਣੀ ਅਫ਼ਰੀਕੀ ਤਜ਼ਰਬੇਕਾਰ ਕ੍ਰਿਕਟਰ ਤੋਂ ਸਾਥੀ ਸਪਿੰਨਰਾਂ ਰਵਿੰਦਰ ਜਡੇਜਾ ਅਤੇ ਹਰਭਜਨ ਸਿੰਘ ਨਾਲ ਮਿਲ ਕੇ ਮੁੰਬਈ ਇੰਡੀਅਨਜ਼ ਦੇ ਤਾਕਤਵਰ ਬੱਲੇਬਾਜ਼ੀ ਲਾਈਨਅੱਪ ਨੂੰ ਤੋੜਨ ਦੀ ਆਸ ਕੀਤੀ ਜਾਵੇਗੀ।
ਮੁੰਬਈ ਇੰਡੀਅਨਜ਼ ਲਈ ਸਫ਼ਰ ਹੁਣ ਤੱਕ ਉਤਾਰ-ਚੜ੍ਹਾਅ ਵਾਲਾ ਰਿਹਾ ਹੈ ਅਤੇ ਸ਼ੁਰੂਆਤੀ ਗੇੜ ਦੇ ਅੰਤ ’ਚ ਉਨ੍ਹਾਂ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਲੋੜ ਹੋਵੇਗੀ। ਰੋਹਿਤ ਸ਼ਰਮਾ ਵਜੋਂ ਟੀਮ ਕੋਲ ਚਲਾਕ ਕਪਤਾਨ ਹੈ ਜੋ ਅੱਗੇ ਵੱਧ ਕੇ ਟੀਮ ਦੀ ਅਗਵਾਈ ਕਰਦਾ ਹੈ ਅਤੇ ਨਾਲ ਹੀ ਉਸ ਕੋਲ ਮਜ਼ਬੂਤ ਬੱਲੇਬਾਜ਼ੀ ਇਕਾਈ ਹੈ ਜਿਸ ਵਿੱਚ ਕਵਿੰਟਨ ਡੀ ਕਾਕ, ਕੀਰੋਨ ਪੋਲਾਰਡ ਅਤੇ ਪੰਡਿਆ ਭਰਾ ਹਾਰਦਿਕ ਤੇ ਕੁਨਾਲ ਸ਼ਾਮਲ ਹਨ।
ਜਸਪ੍ਰੀਤ ਬੁਮਰਾਹ ਐਂਡ ਕੰਪਨੀ ਵੀ ਚੇਨੱਈ ਦੀ ਬੱਲੇਬਾਜ਼ੀ ਤੋਂ ਚੌਕਸ ਹੋਵੇਗੀ। ਟੀਮ ’ਚ ਭਰੋਸੇਮੰਦ ਧੋਨੀ ਵੀ ਮੌਜੂਦ ਹੈ। ਤਿੰਨ ਵਾਰ ਦੀਆਂ ਦੋ ਚੈਂਪੀਅਨ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ।
Sports ਮੁੰਬਈ ਤੋਂ ਜਿੱਤ ਕੇ ਸਿਖ਼ਰਲਾ ਸਥਾਨ ਮਜ਼ਬੂਤ ਕਰਨਾ ਚਾਹੇਗਾ ਚੇਨੱਈ