ਮੁੰਬਈ ਤੇ ਪੁਣੇ ’ਚ ਭਾਰੀ ਮੀਂਹ ਕਾਰਨ ਹਾਲਾਤ ਵਿਗੜੇ

ਮੁੰਬਈ/ਪੁਣੇ, (ਸਮਾਜ ਵੀਕਲੀ) : ਮੁੰਬਈ ’ਚ ਲੰਘੀ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਕੁਝ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ, ਜਦਕਿ ਪੁਣੇ ’ਚ ਮੀਂਹ ਮਗਰੋਂ ਆਏ ਹੜ੍ਹਾਂ ’ਚ ਚਾਰ ਜਣੇ ਰੁੜ੍ਹ ਗਏ ਹਨ ਤੇ ਸ਼ੋਲਾਪੁਰ ’ਚ 50 ਲੋਕਾਂ ਨੂੰ ਬਚਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ’ਚ ਰਾਤ ਭਰ ਪਏ ਭਾਰੀ ਮੀਂਹ ਕਾਰਨ ਹਿੰਦਮਾਤਾ, ਕਿੰਗਜ਼ ਸਰਕਲ ਤੇ ਕਾਲਾ ਚੌਕੀ ਵਰਗੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਸਵੇਰੇ ਮੀਂਹ ਘੱਟ ਹੋ ਗਿਆ ਜਿਸ ਕਾਰਨ ਸੜਕਾਂ ’ਤੇ ਪਾਣੀ ਘੱਟ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਮੀਂਹ ਕਾਰਨ ਜਨਤਕ ਟਰਾਂਸਪੋਰਟ ਪ੍ਰਭਾਵਿਤ ਨਹੀਂ ਹੋਈ ਤੇ ਸਥਾਨਕ ਬੱਸਾਂ ਤੇ ਰੇਲਾਂ ਆਮ ਵਾਂਗ ਚੱਲਦੀਆਂ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਅੱਜ ਸਵੇਰ ਤੱਕ ਮੁੰਬਈ ’ਚ 106.01 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਉੱਧਰ ਸੂਬੇ ਦੇ ਜ਼ਿਲ੍ਹੇ ਸ਼ੋਲਾਪੁਰ ’ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨਾਲ ਪ੍ਰਭਾਵਿਤ ਦੋ ਪਿੰਡਾਂ ’ਚੋਂ ਘੱਟ ਤੋਂ ਘੱਟ 50 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਜਦਕਿ ਪੁਣੇ ’ਚ ਹੜ੍ਹਾਂ ’ਚ ਚਾਰ ਜਣੇ   ਰੁੜ੍ਹ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਪੁਣੇ, ਸੋਲਾਪੁਰ ਤੇ ਕੋਲ੍ਹਾਪੁਰ ਜ਼ਿਲ੍ਹਿਆਂ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਐੱਨਡੀਆਰਐੱਫ, ਜ਼ਿਲ੍ਹਾ ਆਫ਼ਤ ਪ੍ਰਬੰਧਨ ਟੀਮ ਦੀ ਮਦਦ ਲਈ ਜਾ ਰਹੀ ਹੈ।

ਇਸੇ ਦੌਰਾਨ ਤਿਲੰਗਾਨਾ ਸਰਕਾਰ ਨੇ ਦੱਸਿਆ ਕਿ ਸੂਬੇ ’ਚ ਪਿਛਲੇ ਕੁਝ ਦਿਨਾਂ ਦੌਰਾਨ ਪਏ ਭਾਰੀ ਮੀਂਹਾਂ ਤੇ ਆਏ ਹੜ੍ਹਾਂ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਕਿਹਾ ਕਿ ਸੂਬੇ ’ਚ ਹੜ੍ਹਾਂ ਤੇ ਮੀਂਹ ਕਾਰਨ 5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ੍ਰੀ ਚਦਰਸ਼ੇਖਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸੂਬੇ ਵਿੱਚ ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਕਾਰਜਾਂ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਤੁਰੰਤ 1350 ਕਰੋੜ ਰੁਪਏ ਜਾਰੀ ਕੀਤੇ ਜਾਣ। ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਉੱਚ ਪੱਧਰੀ ਮੀਟਿੰਗ ਵੀ ਕੀਤੀ ਹੈ। ਉੱਧਰ ਆਂਧਰਾ ਪ੍ਰਦੇਸ਼ ’ਚ ਭਾਰੀ ਮੀਂਹਾਂ ਕਾਰਨ 67,864 ਹੈਕਟੇਅਰ ਰਕਬੇ ’ਚ ਫਸਲ ਦਾ ਨੁਕਸਾਨ ਹੋਇਆ ਹੈ।

Previous articleਪੰਜਾਬ ਦੇ ਬਿਜਲੀ ਸੰਕਟ ਲਈ ਕੇਂਦਰ ਜ਼ਿੰਮੇਵਾਰ: ਅਮਰਿੰਦਰ
Next articleLiquor shops go on strike in Jharkhand, demand withdrawal of hiked excise duty