“ਮੁਹੱਬਤਾਂ ਦੇ ਰੰਗ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਗੁਲਾਬ ਦਿਆਂ ਫੁੱਲਾਂ ਤੋਂ ਚੁਰਾਕੇ ਰੰਗ ਲਾ ਦਿਆਂ,
ਫਾਸਲਿਆਂ ਦੀ ਲੀਕ ਅੱਜ ਪਲਾਂ ‘ਚ ਮਿਟਾ ਦਿਆਂ;
ਰੰਗ ਵਾਲੇ ਦਿਨ ਵੰਡਾਂ ਪਿਆਰ ਵਾਲੇ ਰੰਗ ਮੈਂ,
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ;
ਖੁਸ਼ੀਆਂ ਦੇ ਰੰਗ ਚੜ੍ਹੇ ਰਹਿਣ ਇਸ ਜਹਾਨ ਨੂੰ,
ਰੱਬ ਕੋਲੋ ਇਹੋ ਹਾਂ ਦੁਆਵਾਂ ਰਿਹਾ ਮੰਗ ਮੈੰ….;

ਪੱਤ ਰੁਲੇ ਕਿਸੇ ਦੀ ਨਾ,ਨਾਂ ਕੋਈ ਧੀ ਮਜਬੂਰ ਹੋਵੇ,
ਰੋਜੀ ਨੂੰ ਕਮਾਉਣ ਗਿਆ,ਪੁੱਤ ਮਾਂ ਤੋਂ ਨਾਂ ਦੂਰ ਹੋਵੇ;
ਹੱਸੇ ਵੱਸੇ ਸਦਾ ਇਹ ਵਿਹੜਾ ਸਾਡੇ ਘਰ ਦਾ,
ਚੱਤੋ ਪਹਿਰ ਰਿਹਾ ਹਾਂ ਦੁਆਵਾਂ ਇਹੋ ਮੰਗ ਮੈਂ;
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ….;

ਹੱਦਾਂ ਸਰਹੱਦਾਂ ਵਾਲ਼ੇ ਫ਼ਾਸਲੇ ਮਿਟਾ ਦਿਆਂ,
ਅੰਬਰਸਰੋਂ ਰਾਹ ਲਾਹੌਰ ਵਾਲ਼ੇ ਖੁਲਵਾ ਦਿਆਂ;
ਤਖ਼ਤ ਹਜ਼ਾਰੇ ਛੱਡ ਖੇੜਿਆਂ ਨੂੰ ਆ ਜਾਵਾਂ,
ਹੀਰ ਦੇ ਸਿਆਲਾਂ ਵਾਲਾ ਟੱਪ ਆਵਾਂ ਝੰਗ ਮੈਂ;
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ….;

ਹੋਵੇ ਨਾਂ ਕੋਈ ਦੁੱਖ, ਬਸ ਪਿਆਰ ਹੀ ਪਿਆਰ ਹੋਵੇ,
ਤਲਵਾਰਾਂ ਨਾਲੋਂ ਤਿੱਖੀ ਸਾਡੀ ਕਲਮਾਂ ਦੀ ਮਾਰ ਹੋਵੇ;
ਵਿਚਾਰਾਂ ਨਾਲ ਮਾਤ ਦੇਣੀ ਤਾਨਾਸ਼ਾਹੀ ਹਕੂਮਤਾਂ ਨੂੰ,
ਕਲਮਾਂ ਦੇ ਨਾਲ ਰਿਹਾਂ ਤਲਵਾਰਾਂ ਨੂੰ ਵੀ ਚੰਡ ਮੈਂ;
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ….;

ਗਿੱਧੇ,ਝੂਮਰ,ਬੋਲੀਆਂ ਸਾਡੇ ਭੰਗੜੇ ਆਬਾਦ ਰਹਿਣ,
ਵਾਰਾਂ ਸਾਡੇ ਗੁਰੂ ਦੀਆਂ ਸਦਾ ਸਾਨੂੰ ਯਾਦ ਰਹਿਣ;
ਵੇਖ ਅੱਜ ਖ਼ਾਲਸਾ ਅਮਰ ਹੈ ਜਹਾਨ ‘ਤੇ
ਚਰਖੀਆਂ ਤੇ ਚੜ੍ਹੇ ਨਾਲੇ ਕਟਾਏ ਬੰਦ ਬੰਦ ਮੈਂ;
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ….;

ਕਿਰਤੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂ,
ਭਗਤ ਸਿੰਘ ਦੇ ਇਨਕਲਾਬ ਨੂੰ ਬੁਲੰਦ ਕਰਾਂ;
ਕੌਮ ਲੇਖੇ ਲਾ ਦੇਣੇ ਕੁੰਦਨ ਸ਼ਰੀਰ ਸਾਡੇ,
ਜੀਣ ਦਾ ਤਾਂ ਸਿੱਖਿਆ ਏ ਇਹੋ ਸਦਾ ਢੰਗ ਮੈੰ;
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ,
ਖੁਸ਼ੀਆਂ ਦੇ ਰੰਗ ਚੜ੍ਹੇ ਰਹਿਣ ਇਸ ਜਹਾਨ ਨੂੰ;
ਰੱਬ ਕੋਲੋ ਇਹੋ ਹਾਂ ਦੁਆਵਾਂ ਰਿਹਾ ਮੰਗ ਮੈਂ,
ਮੁਹੱਬਤਾਂ ਨਾਲ ਦੇਵਾਂ ਇਸ ਧਰਤੀ ਨੂੰ ਰੰਗ ਮੈਂ….!!”

ਹਰਕਮਲ ਧਾਲੀਵਾਲ
ਸੰਪਰਕ:-8437403720

Previous articleਮਾਂ ਬੋਲੀ ਤੋਂ ਟੁੱਟਿਆ ਨੂੰ ਸਾਂਭੇਗਾ ਕੌਣ ?
Next articleਹੋਲੀ ਅਜੇ ਨਹੀਂ