ਮੁਹਾਲੀ ਨਗਰ ਨਿਗਮ ਵੱਲੋਂ 149.92 ਕਰੋੜ ਦਾ ਬਜਟ ਪਾਸ

ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵ’ਚ 149.92 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬਜਟ ’ਚ ਜ਼ਿਆਦਾਤਰ ਮਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨਾਲ ਸਬੰਧਤ ਹਨ। ਨਿਗਮ ਦੇ ਇਸ ਫੈਸਲੇ ਨਾਲ ਮੁਹਾਲੀ ’ਚ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਹੋਈ ਹੈ। ਮੀਟਿੰਗ ਦੀ ਖਾਸ ਗੱਲ ਇਹ ਸੀ ਕਿ ਕਾਬਜ਼ ਧਿਰ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਦੀ ਬਜਾਏ ਵਿਕਾਸ ਦੇ ਮੁੱਦੇ ’ਤੇ ਬਿਨਾਂ ਪੜ੍ਹੇ ਹੀ ਬਜਟ ਪਾਸ ਕਰ ਦਿੱਤਾ। ਮੇਅਰ ਕੁਲਵੰਤ ਸਿੰਘ ਨੇ ਵੀ ਸਰਕਾਰ ਜਾਂ ਕਿਸੇ ਵਿਸ਼ੇਸ਼ ਮੰਤਰੀ ਜਾਂ ਰਾਜਸੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਦਲੀਲਾਂ ਦੇ ਕੇ ਠਰਮੇ ਨਾਲ ਮੀਟਿੰਗ ਨੂੰ ਨੇਪਰੇ ਚਾਿੜ੍ਹਆ। ਮੀਟਿੰਗ ’ਚ ਸਾਲ 2019-20 ਲਈ 149.92 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਜਦੋਂਕਿ ਨਿਗਮ ਨੂੰ 127.80 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਨਗਰ ਨਿਗਮ ਵੱਲੋਂ 22 ਕਰੋੜ 12 ਲੱਖ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ ਹੈ। ਜਿਸ ’ਚ ਅਮਲਾ, ਅਚਨਚੇਤ ਖ਼ਰਚੇ, ਸ਼ਹਿਰ ਦੇ ਸਰਬਪੱਖੀ ਵਿਕਾਸ ਤੇ ਮੁਲਾਜ਼ਮਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਤੋਂ 25 ਕਰੋੜ ਰੁਪਏ, ਮਿਉਂਸਪਲ ਫੰਡ ਦੇ ਤਹਿਤ 66 ਕਰੋੜ ਰੁਪਏ, ਬਿਜਲੀ ’ਤੇ ਮਿਉਂਸਪਲ ਟੈਕਸ 7.50 ਕਰੋੜ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ 8 ਕਰੋੜ ਰੁਪਏ, ਰੈਂਟ/ਸਮਝੌਤਾ ਫੀਸ 60 ਲੱਖ ਰੁਪਏ, ਇਸ਼ਤਿਹਾਰਾਂ ਤੋਂ 11 ਕਰੋੜ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ 1.3 ਕਰੋੜ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ 30 ਲੱਖ ਤੇ ਲਾਇਸੈਂਸ 45 ਲੱਖ ਦੀ ਆਮਦਨ ਹੋਣ ਦਾ ਅਨੁਮਾਨ ਹੈ। ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 39.51 ਕਰੋੜ ਰੁਪਏ, ਅਚਨਚੇਤ ਖ਼ਰਚਿਆਂ ਲਈ 4.56 ਕਰੋੜ ਤੇ ਵਿਕਾਸ ਕਾਰਜਾਂ ਲਈ 105.85 ਕਰੋੜ ਦੇ ਖ਼ਰਚੇ ਤਜਵੀਜ਼ ਕੀਤੇ ਗਏ ਹਨ। ਸਲਾਟਰ ਹਾਊਸ ਦੇ ਆਧੁਨਿਕੀਰਨ ਲਈ 1 ਕਰੋੜ ਰੁਪਏ, ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ 65 ਲੱਖ ਰੁਪਏ ਤੇ ਸਾਲਿਡ ਵੇਸਟ ਮੈਨੇਜਮੈਟ-ਵੇਸਟ ਪ੍ਰਾਸੈਸਿੰਗ ਲਈ ਵਿਸ਼ੇਸ਼ ਉਪਬੰਧ ਕੀਤਾ ਗਿਆ ਹੈ। ਸਟਰੀਟ ਲਾਈਟ ਦੇ ਬਿਜਲੀ ਬਿੱਲ, ਵਾਟਰ ਸਪਲਾਈ ਤੇ ਮੈਨਨੈਸ ਅਤੇ ਸੜਕਾਂ, ਗਲੀਆਂ, ਨਾਲਿਆਂ, ਫੁੱਟਪਾਥ ਅਤੇ ਮਸ਼ੀਨਰੀ ਖ਼ਰੀਦਣ ਲਈ ਵੱਖ ਵੱਖ ਮੱਦਾਂ ਅਧੀਨ ਬਜਟ ਦਾ ਢੁਕਵਾਂ ਉਪਬੰਧ ਕੀਤਾ ਗਿਆ ਹੈ। ਮੀਟਿੰਗ ਸ਼ੁਰੂ ਤੋਂ ਪਹਿਲਾਂ ਸੀਨੀਅਰ ਅਕਾਲੀ ਦਲ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੂੰ ਦੋ ਮਿੰਟ ਦਾ ਮੋਨ ਧਾਰਕ ਕੇ ਸ਼ਰਧਾਂਜਲੀ ਦਿੱਤੀ ਗਈ। ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਤੇ ਭਾਜਪਾ ਕੌਂਸਲਰ ਬੌਬੀ ਕੰਬੋਜ ਨੇ ਬਜਟ ਨੂੰ ਲੋਕਪੱਖੀ ਦੱਸਦਿਆਂ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ। ਮੇਅਰ ਨੇ ਭਰੋਸਾ ਦਿੱਤਾ ਕਿ ਆਧੁਨਿਕ ਗਊਸ਼ਾਲਾ ਬਣਾਉਣ ਲਈ ਗਮਾਡਾ ਤੋਂ ਜ਼ਮੀਨ ਲੈਣ ਲਈ ਪੈਰਵੀ ਕੀਤੀ ਜਾਵੇਗੀ। ਆਰਪੀ ਸ਼ਰਮਾ ਨੇ ਪਾਰਕਾਂ ਦੀਆਂ ਲਾਇਬਰੇਰੀਆਂ ’ਚ ਅਖ਼ਬਾਰ, ਕਿਤਾਬਾਂ ਤੇ ਰਸਾਲੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਵਾਈਪੀਐਸ ਚੌਕ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੱਕ ਦੇ ਇਲਾਕੇ ਨੂੰ ਵਿਦੇਸ਼ੀ ਤਰਜ਼ ’ਤੇ ਵਿਕਸਤ ਕੀਤਾ ਜਾਵੇ। ਅਕਾਲੀ ਕੌਂਸਲਰ ਜਸਪ੍ਰੀਤ ਕੌਰ ਨੇ ਸ਼ਹਿਰ ’ਚ ਪਾਣੀ ਦੀ ਸਮੱਸਿਆਵਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਦੋਂ ਤਕਨੀਕੀ ਖ਼ਰਾਬੀ ਕਾਰਨ ਮੁਰੰਮਤ ਲਈ ਪਾਣੀ ਦੀ ਬੰਦੀ ਲਈ ਜਾਂਦੀ ਹੈ ਤਾਂ ਉਨ੍ਹਾਂ ਦਿਨਾਂ ’ਚ ਕੌਂਸਲਰਾਂ ਨੂੰ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾਣ।

Previous articleਪਾਕਿ ਦੀ ਭਾਸ਼ਾ ਬੋਲ ਰਹੇ ਨੇ ਕਾਂਗਰਸੀ: ਰਵੀ ਸ਼ੰਕਰ
Next articleਬੱਚੇ ਦੀ ਲਾਸ਼ ਲੈ ਕੇ ਆ ਰਹੀ ਕਾਰ ਹਾਦਸੇ ਦਾ ਸ਼ਿਕਾਰ