ਫੇਜ਼-7 ਦੇ ਵਸਨੀਕ ਰੁਪੇਸ਼ ਨਰੂਲਾ ਉਰਫ਼ ਰੂਬੀ (25 ਸਾਲ) ਦੀ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਕਾਰਬੋ ਵਿੱਚ ਵਿਸ਼ਾਖਾ ਬੀਚ ’ਤੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਅੱਜ ਦੁਪਹਿਰ ਵੇਲੇ ਮਿਲੀ। ਜਾਣਕਾਰੀ ਅਨੁਸਾਰ ਰੁਪੇਸ਼ ਨਰੂਲਾ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ ’ਤੇ ਪੜ੍ਹਨ ਲਈ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ। ਉਸ ਦੇ ਭਰਾ ਭੁਪੇਸ਼ ਨਰੂਲਾ ਨੇ ਦੱਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ ਵਿੱਚ ਵਿਆਹ ਹੋਇਆ ਸੀ ਅਤੇ ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ। ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰਾਂਟੋ ਤੋਂ ਸਕਾਰਬੋ ਗਿਆ ਸੀ। ਉਹ ਸਮੁੰਦਰ ਦੇ ਕਿਨਾਰੇ ’ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਰੋੜ੍ਹ ਕੇ ਲੈ ਗਈ। ਤੈਰਨਾ ਨਾ ਆਉਂਦਾ ਹੋਣ ਕਾਰਨ ਉਹ ਸਮੁੰਦਰ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਦੇਹ ਸਕਾਰਬੋ ਦੇ ਕਾਲਿੰਗ ਵੁੱਡ ਹਸਪਤਾਲ ਵਿੱਚ ਰੱਖੀ ਗਈ ਹੈ ਅਤੇ ਪਰਿਵਾਰ ਵੱਲੋਂ ਦੇਹ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
INDIA ਮੁਹਾਲੀ ਦਾ ਨੌਜਵਾਨ ਕੈਨੇਡਾ ’ਚ ਡੁੱਬਿਆ