ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਸਿੱਧੀ ਉਡਾਣ ਸ਼ੁਰੂ ਹੋ ਗਈ। ਏਅਰ ਇੰਡੀਆ ਦੇ ਜਹਾਜ਼ ਨੇ ਮੰਗਲਵਾਰ ਸਵੇਰੇ 9 ਵਜੇ ਹਜ਼ੂਰ ਸਾਹਿਬ (ਨਾਂਦੇੜ) ਲਈ ਉਡਾਣ ਭਰੀ। ਇਸ ਮੌਕੇ ਹਵਾਈ ਅੱਡੇ ’ਤੇ ਸ਼ਬਦ ਕੀਰਤਨ ਹੋਇਆ ਤੇ ਅਰਦਾਸ ਉਪਰੰਤ ਦੇਗ਼ ਵਰਤਾਈ ਗਈ। ਸਿੱਖ ਸ਼ਰਧਾਲੂਆਂ ਵੱਲੋਂ ਲੰਮੇ ਸਮੇਂ ਤੋਂ ਇਸ ਉਡਾਣ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲੀ ਉਡਾਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਣੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰ ਤੋਤਾ ਸਿੰਘ, ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਸੀਨੀਅਰ ਆਗੂ ਰਣਜੀਤ ਸਿੰਘ ਖੰਨਾ, ਮਹਿਲਾ ਵਿੰਗ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਸਣੇ 162 ਸ਼ਰਧਾਲੂਆਂ ਦਾ ਜਥਾ ਹਜ਼ੂਰ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ ਉਡਾਣ ਫ਼ਿਲਹਾਲ ਹਫ਼ਤੇ ਵਿਚ ਦੋ ਦਿਨ- ਮੰਗਲਵਾਰ ਤੇ ਵੀਰਵਾਰ ਨੂੰ ਰਵਾਨਾ ਹੋਇਆ ਕਰੇਗੀ, ਪਰ ਆਉਣ ਵਾਲੇ ਸਮੇਂ ਵਿਚ ਮੰਗਮੁਤਾਬਕ ਇਸ ਨੂੰ ਰੋਜ਼ਾਨਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਪਟਨਾ ਸਾਹਿਬ ਤੱਕ ਵੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ। ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੁੰਬਈ ਤੋਂ ਹੀ ਨਾਂਦੇੜ ਲਈ ਹਵਾਈ ਸੇਵਾ ਦੀ ਸੁਵਿਧਾ ਸੀ, ਪਰ ਹੁਣ ਮੁਹਾਲੀ ਤੋਂ ਉਡਾਣ ਸ਼ੁਰੂ ਹੋਣ ਨਾਲ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ। ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਐੱਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਸ੍ਰੀ ਚੰਦੂਮਾਜਰਾ ਦੀ ਉਡਾਣ ਸ਼ੁਰੂ ਕਰਵਾਉਣ ਲਈ ਕੀਤੇ ਯਤਨ ਲਈ ਸ਼ਲਾਘਾ ਕੀਤੀ।