ਮੁਸ਼ਕਿਲ ਦੀ ਘੜੀ ‘ਚ ਦੁਰ-ਵਿਵਹਾਰ ਦੀ ਥਾਂ ਇਕਜੁੱਟਤਾ ਦੀ ਲੋੜ

ਅਹਿਜੇ ਸਮੇਂ ‘ਚ ਜਦੋਂ ਪੂਰਾ ਦੇਸ਼ ਇਕਜੁੱਟ ਹੋਕੇ ਕਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ਼ ਲੜ ਰਿਹਾ ਹੈ ਅਤੇ ਲੋਕ ਆਪੋ-ਆਪਣੇ ਘਰਾਂ ‘ਚ ਬੰਦ ਰਹਿ ਕੇ ਲਾਕਡਾਊਨ ਦਾ ਚੰਗੀ ਤਰ੍ਹਾਂ ਪਾਲਣ ਕਰ ਰਹੇ ਹਨ, ਕੁਝ ਲੋਕਾਂ ਵੱਲੋਂ ਕਰੋਨਾ ਵਾਇਰਸ ਖਿਲਾਫ ਲੜਾਈ ਲੜਨ ਵਾਲੇ ਯੋਧਿਆਂ ਨਾਲ ਦੁਰ-ਵਿਹਾਰ ਦੀਆਂ ਖਬਰਾਂ ਵਾਕਈ ਚਿੰਤਾਜਨਕ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਸਿਹਤ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਅਤੇ ਕਰੋਨਾ ਖਿਲਾਫ ਲੱਗੀ ਇਸ ਜੰਗ ਵਿਚ ਸਭ ਤੋਂ ਅੱਗੇ ਖੜਨ ਵਾਲਿਆਂ ਦੇ ਨਾਲ ਦੁਰਵਿਵਹਾਰ ਦੀਆਂ ਖਬਰਾਂ ਆਈਆਂ ਹਨ, ਜਿਸ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰਾਂ ਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਚੀਨ ਵਿਖੇ ਕਰੋਨਾ ਵੱਲੋਂ ਕਹਿਰ ਵਰ੍ਹਾਉਣ ਦੇ ਬਾਵਜੂਦ ਅਮਰੀਕਾ ਅਤੇ ਕਈ ਪੱਛਮੀ ਦੇਸ਼ਾਂ ਨੇ ਆਪਣੇ ਇਥੇ ਮਹਾਂਮਾਰੀ ਦੇ ਆਉਣ ਦੀ ਸ਼ੁਰੂਆਤੀ ਦੌਰ ‘ਚ ਇਸ ਵੱਲ ਧਿਆਨ ਨਹੀਂ ਦਿੱਤਾ, ਜਿਸਦੇ ਭਿਆਨਕ ਸਿੱਟੇ ਅੱਜ ਉਹ ਭੁਗਤ ਰਹੇ ਹਨ।ਸਾਡੇ ਦੇਸ਼ ਵਿਚ ਇਸ ਮਹਾਂਮਾਰੀ ਦੇ ਸ਼ੁਰੂਆਤੀ ਦੌਰ ‘ਚ ਹੀ ਖਤਰੇ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ, ਜਿਸ ਨਾਲ ਸਾਡੇ ਇਥੇ ਵਿਸ਼ਵ ਦੇ ਦੂਜੇ ਮੁਲਕਾਂ ਦੇ ਵਾਂਗ ਹਲਾਤ ਵਿਗੜਨ ਤੋਂ ਬਚੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਕੁਝ ਲੋਕ ਇਸ ਰਾਸ਼ਟਰੀ ਮਹਾਂਮਾਰੀ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਜੋ ਸਿਹਤ ਕਰਮਚਾਰੀ ਅਤੇ ਪੁਲਿਸ ਮੁਲਾਜ਼ਮ ਆਪਣੀ ਜਾਨ ਦੀ ਪਰਵਾਹ ਨਾ ਕਰਦੋ ਹੋਏ ਕਰੋਨਾ ਦੇ ਖਿਲਾਫ ਲੜਾਈ ਲੜ ਰਹੇ ਹਨ ਉਨ੍ਹਾਂ ‘ਤੇ ਹਮਲੇ ਕਰਨੇ ਅਤੇ ਮਾੜਾ ਰਵੱਈਆ ਕਿਸੇ ਹਾਲਤ ‘ਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਗਿਣਤੀ ਭਰ ਲੋਕਾਂ ਨੂੰ ਸਾਰੇ ਦੇਸ਼ਵਾਸੀਆਂ ਦੀ ਜਾਨ ਜ਼ੋਖਮ ‘ਚ ਪਾਉਣ ਦੀ ਇਜ਼ਾਜਤ ਨਹੀ ਦਿੱਤੀ ਜਾ ਸਕਦੀ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਅਜਿਹੇ ਤੱਤਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਸਹੀ ਹੈ। ਅਜਿਹੇ ਤੱਤਾਂ ਨੂੰ ਵੀ ਚਾਹੀਦਾ ਹੈ ਕਿ ਮੁਸੀਬਤ ਦੇ ਇਸ ਦੌਰ ‘ਚ ਦੇਸ਼ ਨੂੰ ਹੋਰ ਜਿਆਦਾ ਮੁਸੀਬਤ ‘ਚ ਧੱਕ ਕੇ ਖਲਨਾਇਕ ਬਣਨ ਤੋਂ ਪਰਹੇਜ਼ ਕਰਨ। ਦੇਸ਼ ਨੂੰ ਇਸ ਸਮੇਂ ਪੂਰੀ ਤਰ੍ਹਾਂ ਨਾਲ ਇਕਜੁੱਟ ਹੋ ਕੇ ਮੁਸੀਬਤ ਦੇ ਇਸ ਸਮੁੰਦਰ ਨੂੰ ਲੰਘਣ ਦੀ ਜਰੂਰਤ ਹੈ, ਕਿਉਂਕਿ ਜੇਕਰ ਇਹ ਮਹਾਂਮਾਰੀ ਬੇਕਾਬੂ ਹੋ ਗਈ ਤਾਂ ਇਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰੇਗੀ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਅਮਰੀਕਾ ਹੋਰ ਮੁਲਕਾਂ ’ਚ ਫਸੇ 22 ਹਜ਼ਾਰ ਨਾਗਰਿਕਾਂ ਨੂੰ ਵਤਨ ਲਿਆਵੇਗਾ
Next articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ  ਹਸਪਤਾਲ ਬਨਾਉਣ ਦੀ  ਮੰਗ