ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਵਿੱਚ ਆਜ਼ਮਗੜ੍ਹ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ। ਇੱਥੋਂ ਪਹਿਲਾਂ ਉਸ ਦੇ ਪਿਤਾ ਮੁਲਾਇਮ ਸਿੰਘ ਯਾਦਵ ਲੋਕ ਸਭਾ ਵਿੱਚ ਪ੍ਰਤੀਨਿਧਤਾ ਕਰਦੇ ਹਨ। ਇਸ ਵਾਰ ਮੁਲਾਇਮ ਸਿੰਘ ਯਾਦਵ ‘ਸੁਰੱਖਿਅਤ ਸੀਟ’ ਮੈਨਪੁਰੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਉਹ ਇੱਥੋਂ 1996, 2004 ਅਤੇ 2009 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਐਤਵਾਰ ਨੂੰ ਪਾਰਟੀ ਵੱਲੋਂ ਐਲਾਨੀ ਪਾਰਟੀ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਮੁਲਾਇਮ ਸਿੰਘ ਯਾਦਵ ਦਾ ਨਾਂ ਗਾਇਬ ਹੈ ਅਤੇ ਸਾਰਿਆਂ ਨੂੰ ਇਸ ਦੀ ਹੈਰਾਨੀ ਹੋਈ ਹੈ। ਸਮਾਜਵਾਦੀ ਪਾਰਟੀ ਨੇ ਸੀਨੀਅਰ ਆਗੂ ਮੁਹੰਮਦ ਆਜ਼ਮ ਖਾਨ ਨੂੰ ਰਾਮਪੁਰ ਤੋਂ ਲੋਕ ਸਭਾ ਲਈ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਦੇ ਵੱਲੋਂ ਜਾਰੀ ਕੀਤੀ ਗਈ ਹੈ। ਸੂਚੀ ਵਿੱਚ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ, ਆਜ਼ਮ ਖਾਨ, ਡਿੰਪਲ ਯਾਦਵ, ਜਯਾ ਬਚਨ ਅਤੇ ਖ਼ੁਦ ਰਾਮ ਗੋਪਾਲ ਯਾਦਵ ਦੇ ਨਾਂ ਸ਼ਾਮਲ ਹਨ ਪਰ ਮੁਲਾਇਮ ਸਿੰਘ ਯਾਦਵ ਦਾ ਨਾਂ ਸੂਚੀ ਵਿੱਚ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ 19 ਉਮੀਦਵਾਰ ਐਲਾਨ ਦਿੱਤੇ ਹਨ ਤੇ ਇੱਕ ਉਮੀਦਵਾਰ ਮੱਧ ਪ੍ਰਦੇਸ਼ ਤੋਂ ਐਲਾਨਿਆ ਹੈ। ਪਾਰਟੀ ਨੇ ਡਿੰਪਲ ਯਾਦਵ ਨੂੰ ਕਨੌਜ ਤੋਂ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ, ਬਸਪਾ ਅਤੇ ਰਾਸ਼ਟਰੀ ਲੋਕ ਦਲ ਵਿੱਚ ਚੋਣ ਗੱਠਜੋੜ ਹੈ ਅਤੇ ਪਾਰਟੀ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ 37 ਉੱਤੇ ਚੋਣ ਲੜੇਗੀ।
HOME ਮੁਲਾਇਮ ਦੀ ਸੀਟ ਤੋਂ ਲੜਨਗੇ ਅਖਿਲੇਸ਼