ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿੱਚ ਵਿਆਹੀ ਅਮਨਪਾਲ ਕੌਰ (32) ਦੀ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਮੌਤ ਦੇ ਮਾਮਲੇ ’ਤੇ ਪੇਕਾ ਪਰਿਵਾਰ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਚਾਚੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਮਨਪਾਲ ਕੌਰ ਦੇ ਪੇਕੇ ਪਿੰਡ ਸੂਬਾ ਖੇੜਾ ਸਮੇਤ ਹਰਿਆਣਾ ਅਤੇ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੇ ਸਥਾਨਕ ਥਾਣਾ ਚੌਕ ਵਿੱਚ ਧਰਨਾ ਦਿੱਤਾ ਤੇ ਆਵਾਜਾਈ ਠੱਪ ਕਰ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਚਾਹੇ ਤਲਵੰਡੀ ਸਾਬੋ ਪੁਲੀਸ ਨੇ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਪਿੰਦਰ ਸਿੰਘ, ਸੱਸ ਸਿੰਦਰ ਕੌਰ ਅਤੇ ਚਾਚਾ ਸਹੁਰਾ ਕੁਲਵੰਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ, ਪਰ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਤਿੰਨ ਦਿਨ ਪਹਿਲਾਂ ਵੀ ਥਾਣਾ ਚੌਕ ਵਿੱਚ ਸੰਕੇਤਕ ਧਰਨਾ ਦਿੱਤਾ ਗਿਆ ਸੀ। ਉਦੋਂ ਡੀਐਸਪੀ ਨੇ ਮੰਗਲਵਾਰ ਤੱਕ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਇਹ ਧਰਨਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤਕ ਜਾਰੀ ਰਹੇਗਾ। ਧਰਨੇ ਨੂੰ ਵਿਧਾਇਕ ਬਲਕੌਰ ਸਿੰਘ, ਜਸਵੰਤ ਸਿੰਘ ਮਾਨ ਲੋਕ ਭਲਾਈ ਮੰਚ, ਬਲਵਿੰਦਰ ਸਿੰਘ ਸਹੂਵਾਲਾ, ਸਤਿਗੁਰੂ ਸਿੰਘ ਸੂਬਾ ਖੇੜਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦਾ ਪਤਾ ਚੱਲਣ ’ਤੇ ਡੀਐਸਪੀ ਕੁਲਦੀਪ ਸਿੰਘ ਵਿਰਕ ਅਤੇ ਥਾਣਾ ਰਾਮਾ ਦੇ ਮੁਖੀ ਮਨੋਜ ਕੁਮਾਰ ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਬਜ਼ਿਦ ਰਹੇ। ਅਖ਼ੀਰ ਸ਼ਾਮ ਨੂੰ ਐਸਪੀ(ਡੀ) ਬਠਿੰਡਾ ਸਵਰਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਕਤ ਮਾਮਲਾ ਤਲਵੰਡੀ ਸਾਬੋ ਪੁਲੀਸ ਤੋਂ ਲੈ ਕੇ ਸੀਆਈਏ ਸਟਾਫ਼ ਬਠਿੰਡਾ ਨੂੰ ਦਿੱਤਾ ਜਾਵੇਗਾ ਤੇ ਕਥਿਤ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ ਤੇ ਧਰਨਾ ਚੁੱਕ ਲਿਆ। ਧਰਨੇ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਧਰਨਾ ਚੁੱਕੇ ਜਾਣ ਤਕ ਬਦਲਵੇਂ ਪ੍ਰਬੰਧ ਕਰ ਕੇ ਟਰੈਫਿਕ ਲੰਘਾਇਆ।
INDIA ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਾਸਤੇ ਥਾਣਾ ਚੌਕ ’ਤੇ ਜਾਮ ਲਾਇਆ