ਨਵੀਂ ਦਿੱਲੀ (ਸਮਾਜਵੀਕਲੀ): ਮੁਲਕ ਵਿਚ ਰੇਲ ਸੇਵਾ ਅੰਸ਼ਕ ਤੌਰ ’ਤੇ ਸ਼ੁਰੂ ਹੋ ਗਈ ਹੈ। ਅੱਜ ਕਈ ਰੇਲਗੱਡੀਆਂ ਸਮਾਂ ਸਾਰਣੀ ਮੁਤਾਬਕ ਚੱਲੀਆਂ। ਦੱਸਣਯੋਗ ਹੈ ਕਿ ਸੇਵਾਵਾਂ 25 ਮਾਰਚ ਤੋਂ ਬੰਦ ਸਨ ਤੇ ਸਿਰਫ਼ ਵਿਸ਼ੇਸ਼ ਰੇਲਗੱਡੀਆਂ ਹੀ ਚਲਾਈਆਂ ਜਾ ਰਹੀਆਂ ਸਨ। ਸੋਮਵਾਰ ਨੂੰ ਕਰੀਬ 1.45 ਲੱਖ ਯਾਤਰੀਆਂ ਨੇ ਸਫ਼ਰ ਕੀਤਾ।
ਰੇਲ ਮੰਤਰਾਲੇ ਮੁਤਾਬਕ ਪਹਿਲੀ ਰੇਲਗੱਡੀ ਜਿਹੜੀ ਅੱਜ ਚੱਲੀ, ਉਹ ਮਹਾਨਗਰੀ ਐਕਸਪ੍ਰੈੱਸ ਸੀ। ਇਹ ਛਤਰਪਤੀ ਮਹਾਰਾਜ ਸ਼ਿਵਾਜੀ ਟਰਮੀਨਲ ਤੋਂ ਰਾਤ 12.10 ’ਤੇ ਵਾਰਾਨਸੀ ਲਈ ਚੱਲੀ। ਰੇਲਵੇ ਨੇ ਐਲਾਨ ਕੀਤਾ ਸੀ ਕਿ ਪਹਿਲੀ ਜੂਨ ਤੋਂ ਕਰੀਬ 200 ਰੇਲਗੱਡੀਆਂ ਚਲਾਈਆਂ ਜਾਣਗੀਆਂ। ਇਸੇ ਤਰ੍ਹਾਂ ਸੋਮਵਾਰ ਸਵੇਰੇ ਅਹਿਮਦਾਬਾਦ ਤੇ ਮੁੰਬਈ ਵਿਚਾਲੇ ਕਰਣਵਤੀ ਐਕਸਪ੍ਰੈੱਸ ਅਹਿਮਦਾਬਾਦ ਤੋਂ ਸੁਵੱਖਤੇ 4.55 ’ਤੇ ਰਵਾਨਾ ਹੋਈ।
ਬੰਗਲੁਰੂ ਤੋਂ ਜਨ ਸ਼ਤਾਬਦੀ ਐਕਸਪ੍ਰੈੱਸ ਹੁਬਲੀ ਲਈ 82 ਮੁਸਾਫ਼ਰਾਂ ਨਾਲ ਚੱਲੀ। ਬਾਕੀ ਯਾਤਰੀ ਹੋਰ ਸਟੇਸ਼ਨਾਂ ਤੋਂ ਸਵਾਰ ਹੋਏ। ਲਖ਼ਨਊ ਤੋਂ ਗੋਮਤੀ ਐਕਸਪ੍ਰੈੱਸ ਸਵੇਰੇ ਛੇ ਵਜੇ ਚੱਲੀ। ਯਾਤਰੀਆਂ ਨੂੰ ਥਰਮਲ ਸਕਰੀਨਿੰਗ ਲਈ ਡੇਢ ਘੰਟਾ ਪਹਿਲਾਂ ਪਹੁੰਚਣ ਲਈ ਕਿਹਾ ਗਿਆ ਸੀ। ਇਸ ਦੌਰਾਨ ਕੋਵਿਡ ਨਾਲ ਜੁੜੇ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਗਈ।
ਜ਼ਿਕਰਯੋਗ ਹੈ ਕਿ ਯਾਤਰੀ, ਮੇਲ ਤੇ ਐਕਸਪ੍ਰੈੱਸ ਰੇਲਗੱਡੀਆਂ ਕਰੋਨਾਵਾਇਰਸ ਫੈਲਣ ਦੇ ਖ਼ਤਰੇ ਕਾਰਨ ਕਰੀਬ 66 ਦਿਨ ਬੰਦ ਰਹੀਆਂ ਹਨ। ਲੌਕਡਾਊਨ ਦੌਰਾਨ ਕੇਵਲ ਸਾਮਾਨ ਲਿਜਾਣ ਵਾਲੀਆਂ, ਜ਼ਰੂਰੀ ਸੇਵਾਵਾਂ ਵਿਚ ਸ਼ਾਮਲ ਅਤੇ ਪਰਵਾਸੀ ਕਾਮਿਆਂ ਨੂੰ ਪਿੱਤਰੀ ਰਾਜਾਂ ਵੱਲ ਲਿਜਾਣ ਵਾਲੀਆਂ ਵਿਸ਼ੇਸ਼ ਰੇਲਗੱਡੀਆਂ ਹੀ ਚਲਾਈਆਂ ਗਈਆਂ।