ਨਵੀਂ ਦਿੱਲੀ (ਸਮਾਜਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮੁਲਕ ’ਚ ਕਾਰੋਬਾਰੀ ਸਰਗਰਮੀਆਂ ਹੁਣ ਤੇਜ਼ੀ ਨਾਲ ਆਮ ਵਰਗੀਆਂ ਹੋ ਰਹੀਆਂ ਹਨ। ਘਰੇਲੂ ਅਰਥਚਾਰੇ ’ਚ ਖਪਤ ਅਤੇ ਮੰਗ ਦੀ ਹਾਲਤ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਰਹੀ ਹੈ। ਕੋਇਲਾ ਖਾਣਾਂ ਪ੍ਰਾਈਵੇਟ ਅਦਾਰਿਆਂ ਨੂੰ ਖਣਨ ਲਈ ਦੇਣ ਵਾਸਤੇ ਨਿਲਾਮੀ ਦੀ ਸ਼ੁਰੂਆਤ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਬਿਜਲੀ, ਈਂਧਣ ਅਤੇ ਖਪਤ ਦੀਆਂ ਹੋਰ ਵਸਤਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਾਰੋਬਾਰੀ ਸਰਗਰਮੀਆਂ ਤੇਜ਼ੀ ਨਾਲ ਆਮ ਵਾਂਗ ਹੋ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਮਿਸਾਲ ਦਿੰਦਿਆਂ ਕਿਹਾ ਕਿ ਅਪਰੈਲ ਦੇ ਮੁਕਾਬਲੇ ਈ-ਵੇਅ ਬਿੱਲਾਂ ’ਚ ਕਰੀਬ 200 ਫ਼ੀਸਦ ਦਾ ਵਾਧਾ ਹੋਇਆ ਹੈ। ਸੜਕ ਅਤੇ ਰਾਜਮਾਰਗਾਂ ’ਤੇ ਜੂਨ ’ਚ ਟੌਲ ਕੁਲੈਕਸ਼ਨ ਕੋਵਿਡ-19 ਤੋਂ ਪਹਿਲਾਂ ਯਾਨੀ ਫਰਵਰੀ ਦੇ 70 ਫ਼ੀਸਦ ਤੱਕ ਪਹੁੰਚ ਗਿਆ ਹੈ। ਉਧਰ ਅਪਰੈਲ ਦੀ ਤੁਲਨਾ ’ਚ ਮਈ ’ਚ ਰੇਲਵੇ ਦੀ ਮਾਲ ਢੋਆ-ਢੁਆਈ ’ਚ ਵੀ 26 ਫ਼ੀਸਦੀ ਦਾ ਵਾਧਾ ਹੋਇਆ ਹੈ। ਕੀਮਤ ਅਤੇ ਮਾਤਰਾ ਦੇ ਹਿਸਾਬ ਨਾਲ ਡਿਜੀਟਲ ਲੈਣ-ਦੇਣ ਵੀ ਵਧਿਆ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਵੀ ਭਾਰਤ ਵੱਡੀਆਂ ਮੁਸ਼ਕਲਾਂ ’ਚੋਂ ਬਾਹਰ ਨਿਕਲਿਆ ਹੈ ਅਤੇ ਹੁਣ ਵੀ ਮੌਜੂਦਾ ਸੰਕਟ ’ਚੋਂ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਕ ਕਰੋਨਾ ਨੂੰ ਵੱਡੀ ਆਫ਼ਤ ਮੰਨ ਕੇ ਵਿਹਲੇ ਬੈਠਣ ਅਤੇ ਕੁਰਲਾਉਣ ਦੇ ਪੱਖ ’ਚ ਨਹੀਂ ਹੈ। ਆਫ਼ਤ ਨੂੰ ਮੌਕੇ ’ਚ ਤਬਦੀਲ ਕਰਕੇ ਆਤਮ-ਨਿਰਭਰ ਬਣਨਾ ਪਵੇਗਾ।