ਕੋਲਕਾਤਾ- ਨੋਬੇਲ ਪੁਰਸਕਾਰ ਜੇਤੂ ਅਮਰਤਿਯਾ ਸੇਨ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਮੰਗ ਕੀਤੀ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਰੱਦ ਹੋਣਾ ਚਾਹੀਦਾ ਹੈ, ਨੇ ਅੱਜ ਵਿਰੋਧੀ ਧਿਰਾਂ ਦੀ ਏਕਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਮੁਜ਼ਾਹਰਿਆਂ ਲਈ ਵਿਰੋਧੀ ਧਿਰਾਂ ਦੀ ਏਕਤਾ ਅਹਿਮ ਹੈ। ਉਹ ਇੱਥੇ ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਦੇ ਮੁੱਦਿਆਂ ਉੱਤੇ ਚੱਲ ਰਹੇ ਅੰਦੋਲਨ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਅਮਰਤਿਯਾ ਸੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਪ੍ਰਕਾਰ ਦੇ ਧਰਨੇ ਮੁਜ਼ਾਹਰਿਆਂ ਲਈ ਵਿਰੋਧੀ ਧਿਰਾਂ ਦੀ ਏਕਤਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇ ਏਕਤਾ ਨਾ ਵੀ ਹੋਵੇ ਤਾਂ ਵੀ ਮੁਜ਼ਾਹਰੇ ਜ਼ਰੂਰੀ ਹਨ ਪਰ ਜੇ ਏਕਤਾ ਹੋਵੇ ਤਾਂ ਫਿਰ ਇਹ ਸੌਖੇ ਹੋ ਜਾਂਦੇ ਹਨ। ਸਾਨੂੰ ਅਜਿਹੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਹਾਲਤ ਵਿੱਚ ਅੱਗੇ ਵਧਣਾ ਚਾਹੀਦਾ ਹੈ ਅਤੇ ਜੋ ਵੀ ਲੋੜੀਂਦਾ ਹੈ, ਉਹ ਕਰਨਾ ਚਾਹੀਦਾ ਹੈ। ਵਿਰੋਧੀ ਧਿਰਾਂ ਦਾ ਆਪਸ ਵਿੱਚ ਲੜਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇੱਥੇ ਸੰਵਿਧਾਨ ਜਾਂ ਮਨੁੱਖੀ ਅਧਿਕਾਰਾਂ ਦੇ ਮੁੱਦੇ ਉੱਤੇ ਕੋਈ ਵੱਡੀ ਗੜਬੜੀ ਹੁੰਦੀ ਜਾਪੇਗੀ ਜਾਂ ਲਾਜ਼ਮੀ ਮੁਜ਼ਾਹਰੇ ਹੋਣਗੇ। ਉਨ੍ਹਾਂ ਅੱਜ ਫਿਰ ਇਹ ਮੰਗ ਦੁਹਰਾਈ ਕਿ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਾ ਨਾਗਰਿਕਤਾ ਸੋਧ ਕਾਨੂੰਨ ਰੱਦ ਹੋਣਾ ਚਾਹੀਦਾ ਹੈ।
INDIA ਮੁਜ਼ਾਹਰਿਆਂ ਲਈ ਵਿਰੋਧੀ ਧਿਰ ਦਾ ਏਕਾ ਅਹਿਮ: ਅਮਰਤਿਯਾ ਸੇਨ