ਹਲਕੇ ’ਚ ਭਖਵੇਂ ਨਾਜਾਇਜ਼ ਖਨਣ, ਹਿਮਾਚਲ ਪ੍ਰਦੇਸ਼ ਤੋਂ ਨਸ਼ਿਆਂ ਦੀ ਬੇਰੋਕ ਤਸਕਰੀ ਕਾਰਨ ਹੁੰਦੇ ਨੁਕਸਾਨ, ਦਫ਼ਤਰੀ ਭ੍ਰਿਸ਼ਟਾਚਾਰ, ਸਰਕਾਰੀ ਕਾਲਜ ਤੇ ਸਟੇਡੀਅਮ ਦੀ ਘਾਟ ਸਮੇਤ ਦਰਜਨਾਂ ਮੁੱਦਿਆਂ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਦਾ ਜਿੱਤਣਾ ਇਲਾਕੇ ਦੇ ਲੋਕਾਂ ਦਾ ਮਰਹੂਮ ਬੱਬੀ ਪ੍ਰਤੀ ਪਿਆਰ ਤੇ ਉਮੀਦਵਾਰ ਪ੍ਰਤੀ ਹਮਦਰਦੀ ਦਰਸਾਉਂਦਾ ਹੈ। ਮਰਹੂਮ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਅਕਾਲ ਚਲਾਣੇ ਉਪਰੰਤ ਖਾਲੀ ਹੋਈ ਸੀਟ ’ਤੇ ਕਰੀਬ ਸਾਢੇ 12 ਸਾਲ ਰਜਨੀਸ਼ ਬੱਬੀ ਨੇ ਵਿਧਾਇਕ ਵਜੋਂ ਫਰਜ਼ ਨਿਭਾਇਆ ਜਦੋਂ ਕਿ ਉਨ੍ਹਾਂ ਦੇ ਪਿਤਾ ਡਾ. ਕੇਵਲ ਕ੍ਰਿਸ਼ਨ ਸੱਤ ਵਾਰ ਇਸ ਹਲਕੇ ਤੋਂ ਵਿਧਾਇਕ ਬਣੇ ਅਤੇ ਵਿਧਾਨ ਸਭਾ ਦੇ ਸਪੀਕਰ ਤੇ ਖਜ਼ਾਨਾ ਮੰਤਰੀ ਵਰਗੇ ਅਹਿਮ ਅਹੁਦਿਆਂ ’ਤੇ ਰਹੇ।
ਕਾਂਗਰਸੀ ਉਮੀਦਵਾਰ ਮੈਡਮ ਇੰਦੂ ਕੌਂਡਲ ਆਪਣੇ ਮਰਹੂਮ ਪਤੀ ਰਜਨੀਸ਼ ਕੁਮਾਰ ਬੱਬੀ ਤੇ ਸਹੁਰਾ ਮਰਹੂਮ ਡਾ. ਕੇਵਲ ਕ੍ਰਿਸ਼ਨ ਦੇ ਰਾਜਸੀ ਜੀਵਨ ਦੌਰਾਨ ਡਾ. ਕੇਵਲ ਕ੍ਰਿਸ਼ਨ ਚਾਈਲਡ ਐਂਡ ਵਿਮੈੱਨ ਵੈੱਲਫੇਅਰ ਸੁਸਾਇਟੀ ਸੰਸਥਾ ਚਲਾਉਂਦੇ ਸੀ ਅਤੇ ਹਰ ਸਾਲ ਇੱਕ ਸਮਾਗਮ ਦੌਰਾਨ ਔਰਤਾਂ ਨੂੰ ਕੰਬਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਸਨ। ਆਪਣੇ ਪਤੀ ਦੀ ਜਿੱਤ ਵਿੱਚ ਜ਼ਿਆਦਾ ਯੋਗਦਾਨ ਉਨ੍ਹਾਂ ਵਲੋਂ ਕੀਤੀ ਮਿਹਨਤ ਦਾ ਹੀ ਰਿਹਾ ਹੈ ਅਤੇ ਪੇਂਡੂ ਔਰਤਾਂ ਖਾਸ ਕਰ ਕੇ ਕੰਢੀ ’ਚ ਚਾਂਗ ਭਾਈਚਾਰੇ ਦੀਆਂ ਔਰਤਾਂ ਨੂੰ ਆਪਣੇ ਪਰਿਵਾਰ ਵਾਂਗ ਮਿਲਣਾ ਉਨ੍ਹਾਂ ਦੇ ਸੁਭਾਅ ’ਚ ਸ਼ਾਮਲ ਸੀ। ਇਸ ਵਾਰ ਵਿਰੋਧੀਆਂ ਵਲੋਂ ਹਲਕੇ ਦਾ ਭਖਵਾਂ ਮੁੱਦਾ ਨਜਾਇਜ਼ ਖਨਣ ਤੇ ਨਸ਼ਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਸੀ ਅਤੇ ਸੂਬੇ ਅੰਦਰ ਪਾਰਟੀ ਦੀ ਸਰਕਾਰ ਹੋਣ ਕਾਰਨ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਵਿੱਚ ਵੀ ਵਿਧਾਇਕ ਪਰਿਵਾਰ ਦੀ ਸ਼ਹਿ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਚਾਂਗ ਭਾਈਚਾਰੇ ਸਮੇਤ ਲੋਕਾਂ ਦੀ ਮਰਹੂਮ ਬੱਬੀ ਪਰਿਵਾਰ ਪ੍ਰਤੀ ਹਮਦਰਦੀ ਅਤੇ ਹਲਕੇ ’ਚ ਸੂਬੇ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਵੱਡੇ ਕਾਂਗਰਸੀਆਂ ਦੀ ਸਖਤ ਮਿਹਨਤ ਕਾਰਨ ਹੀ ਇਹ ਜਿੱਤ ਸੰਭਵ ਹੋ ਸਕੀ ਹੈ। ਮਹਿਜ਼ 3440 ਵੋਟਾਂ ਦੇ ਫਰਕ ਨਾਲ ਜਿਤਾ ਕੇ ਹਲਕਾ ਵਾਸੀਆਂ ਨੇ ਬੱਬੀ ਪਰਿਵਾਰ ਨੂੰ ਪਹਿਲਾਂ ਵਾਂਗ ਲੋਕਾਂ ਵਿੱਚ ਵਿਚਰਨ ਦੀ ਨਸੀਹਤ ਵੀ ਦਿੱਤੀ ਹੈ।
ਉੱਧਰ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਵਲੋਂ ਕਾਂਗਰਸੀ ਉਮੀਦਵਾਰ ਨੂੰ ਤਕੜੀ ਟੱਕਰ ਦੇਣ ਨੂੰ ਕਾਂਗਰਸ ਵਲੋਂ ਸਹਿਜ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਉਨ੍ਹਾਂ ਦੇ ਵਿਰੋਧੀ ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਰ ਵਲੋਂ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣ ਨਾਲ ਵੋਟ ਦਾ ਨੁਕਸਾਨ ਹੋਇਆ ਹੈ। ਜੰਗੀ ਲਾਲ ਮਹਾਜਨ ਸਮਾਜ ਸੇਵੀ ਹੋਣ ਦੇ ਨਾਲ ਨਾਲ ਵੱਡੇ ਕਾਰੋਬਾਰੀ ਵੀ ਹਨ ਅਤੇ ਸ਼ਹਿਰ ਅੰਦਰ ਉਨ੍ਹਾਂ ਦਾ ਚੰਗਾ ਅਧਾਰ ਮੰਨਿਆ ਜਾਂਦਾ ਹੈ। ਪੇਂਡੂ ਵੋਟ ’ਤੇ ਜ਼ਿਆਦਾਤਾਰ ਭਾਜਪਾ ਅਕਾਲੀ ਦਲ ’ਤੇ ਮੁਨੱਸਰ ਕਰਦੀ ਹੈ ਪਰ ਸ਼ਹਿਰ ਅੰਦਰਲੀ ਭਾਜਪਾ ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ ਹੋਣ ਦੇ ਬਾਵਜੂਦ ਆਸ ਮੁਤਾਬਕ ਵੋਟ ਨਾ ਪੈਣਾ, ਜਲੰਧਰ ’ਚ ਤਾਲਮੇਲ ਕਮੇਟੀ ਦੀ ਮੀਟਿੰਗ ਉਪਰੰਤ ਚੋਣ ਪ੍ਰਚਾਰ ’ਚ ਵੱਡੇ ਅਕਾਲੀ ਆਗੂਆਂ ਦੇ ਜੁੱਟ ਜਾਣ ਤੋਂ ਬਾਅਦ ਵੀ ਅਕਾਲੀ ਕਾਰਕੁਨਾਂ ਦਾ ਸਮਰਥਨ ਨਾ ਮਿਲਣਾ ਵੀ ਭਾਜਪਾ ਦੀ ਹਾਰ ਦਾ ਕਾਰਨ ਬਣਿਆ ਹੈ। ਬਸਪਾ ਵਲੋਂ ਉਮੀਦਵਾਰ ਖੜ੍ਹਾ ਨਾ ਕਰਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਲਕੇ ਅੰਦਰ ਲੋਕ ਸਭਾ ਚੋਣਾਂ ’ਚ ਮਿਲੀਆਂ ਵੋਟਾਂ ਤੋਂ ਕਰੀਬ 4 ਗੁਣਾ ਵੱਧ ਵੋਟਾਂ ਮਿਲਣਾ ਵੀ ਭਾਜਪਾ ਦੇ ਨੁਕਸਾਨ ਦਾ ਕਾਰਨ ਬਣਿਆ ਹੈ।
INDIA ਮੁਕਾਮੀ ਸਮੀਕਰਨਾਂ ਦਾ ਇੰਦੂ ਬਾਲਾ ਨੂੰ ਮਿਲਿਆ ਭਰਪੂਰ ਲਾਹਾ