ਮੰਡੀ ਰੋੜਾਂ ਵਾਲੀ– ਬੀਤੀ ਰਾਤ ਤੋਂ ਇਲਾਕੇ ਵਿਚ ਪੈ ਰਹੇ ਮੀਂਹ ਨਾਲ ਕਿਸਾਨਾਂ ਨੂੰ ਜਿੱਥੇ ਵੱਡੀ ਰਾਹਤ ਮਿਲੀ ਹੈ, ਉੱਥੇ ਠੰਢੀਆਂ ਹਵਾਵਾਂ ਵਗਣ ਨਾਲ ਠੰਢ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਰੁਕ ਰੁਕ ਕੇ ਪੈ ਰਿਹਾ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਮੰਨਿਆ ਜਾ ਰਹੀ ਹੈ, ਕਿਉਂਕਿ ਇਸ ਮੀਂਹ ਨਾਲ ਕਣਕ ਦੇ ਝਾੜ ’ਚ ਵਾਧਾ ਹੋਣ ਦੇ ਆਸਾਰ ਬਣ ਗਏ ਹਨ। ਕਿਸਾਨਾਂ ਵੱਲੋਂ ਇਸ ਮੌਕੇ ਕਣਕ ਦੀ ਫ਼ਸਲ ’ਚ ਯੂਰੀਆ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਉੱਪਰੋਂ ਪੈ ਰਿਹਾ ਮੀਂਹ ਕਣਕ ਦਾ ਵਿਕਾਸ ਕਰਨ ’ਚ ਸਹਾਈ ਹੋਵੇਗਾ। ਕਿਸਾਨ ਆਗੂ ਜਗਸੀਰ ਸਿੰਘ ਘੋਲਾ ਤੇ ਜਸਵਿੰਦਰ ਸਿੰਘ ਘੇਰੂ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਪੈ ਰਹੇ ਮੀਂਹ ਨਾਲ ਕਿਸਾਨਾਂ ਨੂੰ ਬਹੁਤ ਹੀ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ। ਇਸੇ ਤਰ੍ਹਾਂ ਹੀ ਪਿੰਡ ਲੱਧੂ ਵਾਲਾ ਉਤਾੜ ਦੇ ਕਿਸਾਨ ਬਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਡੀਜ਼ਲ ਸਾੜਨ ਤੋਂ ਰਾਹਤ ਮਿਲੇਗੀ। ਉੱਧਰ, ਕਈ ਦਿਨ ਧੁੱਪ ਲੱਗਣ ਤੋਂ ਬਾਅਦ ਇਸ ਬਾਰਿਸ਼ ਨਾਲ ਇੱਕ ਵਾਰ ਫਿਰ ਠੰਢ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਬਾਜ਼ਾਰਾਂ ਵਿੱਚ ਪਰਤੀਆਂ ਰੌਣਕਾਂ ਇੱਕ ਵਾਰ ਗ਼ਾਇਬ ਹੋ ਗਈਆਂ ਹਨ। ਮੰਡੀ ਦੇ ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾ ਤਾਂ ਕਈ ਦਿਨ ਠੰਢ ਨੇ ਉਨ੍ਹਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਸਨ, ਪਰ ’ਚੋਂ ਧੁੱਪਾਂ ਲੱਗਣ ਨਾਲ ਉਨ੍ਹਾਂ ਦਾ ਕੁਝ ਕੰਮ ਅਜੇ ਚੱਲਿਆ ਹੀ ਸੀ ਕਿ ਹੁਣ ਬਾਰਿਸ਼ ਨੇ ਫਿਰ ਧੰਦਾ ਚੌਪਟ ਕਰ ਦਿੱਤਾ।
INDIA ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਦੁਕਾਨਦਾਰਾਂ ਦੇ ਮੁਰਝਾਏ