ਕੱਲ੍ਹ ਤੋਂ ਪੈ ਰਹੀ ਮੌਨਸੂਨ ਦੀ ਭਰਵੀਂ ਬਾਰਸ਼ ਕਾਰਨ ਬਲਾਕ ਦੇ 25 ਪਿੰਡਾਂ ਨੂੰ ਭਾਰੀ ਸੰਤਾਪ ਭੋਗਣਾ ਪਿਆ ਹੈ। 50 ਤੋਂ 60 ਹਜ਼ਾਰ ਏਕੜ ਨਰਮੇ ਅਤੇ ਝੋਨੇ ਦੀ ਫਸਲ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੀਂਹ ਦੇ ਨਾਲ ਆਏ ਤੇਜ਼ ਝੱਖੜ ਕਾਰਨ ਸੜਕਾਂ ’ਤੇ ਲੱਗ ਦਰੱਖੜ ਵੀ ਟੁੱਟ ਗਏ ਹਨ ਤੇ ਕਈ ਥਾਵਾਂ ’ਤੇ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਗਿਆ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਈ ਪਿੰਡਾਂ ਵਿਚ ਟਕਰਾਓ ਹੁੰਦੇ ਹੁੰਦੇ ਬਚੇ। ਕਈ ਪਿੰਡਾਂ ਵਿਚ ਪੁਲੀਸ ਨੂੰ ਤੈਨਾਤ ਕੀਤਾ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੇ ਵੇਰਵਿਆਂ ਅਨੁਸਾਰ 16 ਅਤੇ 17 ਜੁਲਾਈ ਨੂੰ 130 ਐਮ .ਐਮ ਅਤੇ 101 ਐਮ.ਐਮ ਮੀਂਹ ਦਰਜ ਕੀਤਾ ਗਿਆ। ਸਲੱਮ ਖੇਤਰਾਂ ਵਿਚ ਕਈ ਲੋਕਾਂ ਦੇ ਮਕਾਨ ਡਿੱਗਣ ਦੀਆਂ ਵੀ ਖ਼ਬਰਾਂ ਹਨ। ਅੱਜ ਸਵੇਰ ਵੇਲੇ ਹੀ ਪਿੰਡ ਅਬਲੂ ਨਜ਼ਦੀਕ ਲੰਘਦੀ ਚੰਦ ਭਾਨ ਡਰੇਨ ਦਾਨ ਸਿੰਘ ਵਾਲਾ ਅਤੇ ਕੋਠੇ ਸੰਧੂਆਂ ਵਾਲਾ ਨਜ਼ਦੀਕ ਟੁੱਟ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਜੜਾਂ ਪੈ ਗਈਆਂ। ਬਠਿੰਡਾ ਤੋਂ ਅਬਲੂ ਨੂੰ ਜੋੜਨ ਵਾਲਾ ਲਿੰਕ ਰੋਡ ’ਤੇ ਬਣਿਆ ਪੁਲ ਪਾਣੀ ਵਿੱਚ ਰੁੜ ਗਿਆ ਹੈ, ਜਿਸ ਕਾਰਨ ਅਬਲੂ ਜ਼ਿਲ੍ਹੇ ਨਾਲੋਂ ਕੱਟਿਆ ਗਿਆ ਹੈ।
ਅੱਧੀ ਦਰਜਨ ਪਿੰਡਾਂ ਕੋਠੇ ਲਾਲ ਵਾਲੇ, ਮਹਿਮਾ ਸਰਕਾਰੀ, ਦਾਨ ਸਿੰਘ ਵਾਲਾ, ਕੋਠੇ ਸੰਧੂਆਂ ਵਾਲੇ, ਅਬਲੂ ਆਦਿ ਦੇ ਲੋਕਾਂ ਨੇ ਪਾੜ ਨੂੰ ਗੱਟਿਆਂ ਨਾਲ ਪੂਰਨ ਦੀ ਕੋਸ਼ਿਸ਼ ਕੀਤੀ। ਚੰਦਰਭਾਨ ਡਰੇਨ ਦੇ ਇਸ ਪਾੜ ਨਾਲ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਤਰ੍ਹਾਂ ਪਿੰਡ ਬਠਿੰਡਾ ਸ੍ਰੀ ਮੁਕਤਸਰ ਹਾਈਵੇਅ ’ਤੇ ਪਿੰਡ ਦਿਓਣ ਅਤੇ ਸਿਵੀਆ ਦੀ ਹਜ਼ਾਰ ਏਕੜ ਝੋਨੇ ਦੇ ਕਰੀਬ ਝੋਨੇ ਅਤੇ ਨਰਮ ਦੀ ਫਸਲ ਪਾਣੀ ਵਿਚ ਪੂਰੀ ਤਰਾਂ ਡੁੱਬ ਗਈ। ਇਥੇ ਵੀ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਜਿਸ ਨੂੰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਟਾਲਿਆ। ਪਿੰਡ ਘੁੱਦਾ ਅਤੇ ਬਾਜਕ ਨਜ਼ਦੀਕ ਲੰਘਦਾ ਤਿਓਣਾ ਰਜਵਾਹਾ ਵੀ ਟੁੱਟ ਗਿਆ ਹੈ ਜਿਸ ਕਾਰਨ 400 ਏਕੜ ਦੇ ਕਰੀਬ ਫ਼ਸਲ ਤਬਾਹ ਹੋਣ ਦੀ ਖ਼ਬਰ ਹੈ। ਇਸ ਤਰਾਂ ਪਿੰਡ ਮਹਿਮਾ ਸਰਜਾ ਵਿਖੇ ਵੀ ਕੋਟ ਭਾਈ ਰਜਵਾਹੇ ਦੇ ਮੋਘੇ ਖੋਲ੍ਹੇ ਜਾਣ ਕਾਰਨ ਪਿੰਡ ਮਹਿਮਾ ਸਰਕਾਰੀ ਅਤੇ ਮਹਿਮਾ ਸਰਜਾ ਵਿਚ ਹੜ੍ਹ ਵਰਗੀ ਸਥਿਤੀ ਬਣੀ ਰਹੀ। ਕੋਟ ਭਾਈ ਰਜਵਾਹੇ ਵਿਚ ਨਿਕਲਦੀ ਦੋਲਾ ਮਾਈਨਰ ਦੇ ਵੀ ਟੁੱਟਣ ਦੀ ਖ਼ਬਰ ਹੈ। ਅੱਜ ਦੁਪਹਿਰੇ ਪਿੰਡ ਮਹਿਮਾ ਭਗਵਾਨਾਂ ਦੇ ਲੋਕਾਂ ਨੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ ਮੁਕਤਸਰ ਰੋਡ ਜਾਮ ਕਰ ਕੇ ਇਲਾਕੇ ਵਿਚ ਹੋਈ ਤਬਾਹੀ ਖ਼ਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮੰਗ ਕੀਤੀ। ਮੀਂਹ ਕਾਰਨ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿਚ 37 ਘੰਟਿਆਂ ਤੋਂ ਬਿਜਲੀ ਬੰਦ ਰਹੀ। ਕਈ ਖੇਤਰਾਂ ਵਿਚ ਮੀਟਰ ਵਾਲੇ ਬਕਸੇ ਪਾਣੀ ਵਿਚ ਡੁੱਬ ਗਏ ਹਨ। ਆਈ.ਜੀ, ਐਸ.ਐਸ.ਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਪੁਲੀਸ ਮੁਲਾਜ਼ਮਾਂ ਨੇ ਅਫਸਰਾਂ ਦੇ ਘਰਾਂ ਦਾ ਸਾਮਾਨ ਬਾਹਰ ਕੱਢਿਆ। ਪ੍ਰਤਾਪ ਨਗਰ, ਪਰਸ ਰਾਮ ਨਗਰ, ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਸਿਵਲ ਲਾਇਨ ਖੇਤਰ, ਅੰਡਰ ਬੁਰਜ, ਭੱਟੀ ਰੋਡ ਆਦਿ ਮੁਹੱਲਿਆਂ ਵਿੱਚ ਪਾਣੀ ਦੇ ਘਰਾਂ ਵਿੱਚ ਦਾਖਲ ਹੋ ਗਿਆ।