ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਅੱਜ ਇਥੇ ਮੀਂਹ ਕਰਕੇ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਦਾਰਸ਼ਨਿਕ ਸਟੇਡੀਅਮ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਇਹ ਦੂਜਾ ਮੈਚ ਹੈ, ਜਿਸ ਨੂੰ ਖਰਾਬ ਮੌਸਮ ਕਰਕੇ ਰੱਦ ਕਰਨਾ ਪਿਆ ਹੈ। ਇਹ ਕਾਫੀ ਦਿਲਚਸਪ ਸੰਜੋਗ ਹੈ ਕਿ ਪਿਛਲੇ ਸਾਲ ਸਤੰਬਰ ਰੱਦ ਹੋਇਆ ਮੈਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਹੀ ਖੇਡਿਆ ਜਾਣਾ ਸੀ। ਤਿੰਨ ਮੈਚਾਂ ਦੀ ਲੜੀ ਦੇ ਪਲੇਠੇ ਮੈਚ ’ਤੇ ਸ਼ੁਰੂਆਤ ਤੋਂ ਸੰਕਟ ਦੇ ਬੱਦਲ ਆਏ ਹੋਏ ਸਨ। ਮੌਸਮ ਵਿਭਾਗ ਨੇ ਉੱਤਰੀ ਪਾਕਿਸਤਾਨ ਤੇ ਉਸ ਨਾਲ ਲਗਦੇ ਜੰਮੂ ਕਸ਼ਮੀਰ ਦੇ ਖੇਤਰਾਂ ਵਿੱਚ ਪੱਛਮੀ ਗੜਬੜੀ ਕਰਕੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਪ੍ਰਸ਼ੰਸਕਾਂ ਤੇ ਪ੍ਰਬੰਧਕਾਂ ਨੇ ਇੰਦਰ ਦੇਵਤਾ ਨੂੰ ਮਨਾਉਣ ਲਈ ਮੁਕਾਮੀ ਇੰਦਰੂਨਾਗ ਮੰਦਿਰ ਵਿੱਚ ਪੂਜਾ ਵੀ ਕੀਤੀ। ਲੰਘੇ ਦਿਨ ਦੋਵਾਂ ਟੀਵਾਂ ਵੱਲੋਂ ਕੀਤੇ ਅਭਿਆਸ ਮਗਰੋਂ ਭਾਰੀ ਮੀਂਹ ਪੈਣ ਲੱਗਾ ਸੀ, ਜਿਸ ਕਰਕੇ ਪ੍ਰਬੰਧਕਾਂ ਨੂੰ ਪੂਰਾ ਮੈਦਾਨ ਢਕਣਾ ਪਿਆ ਸੀ। ਮੈਚ ਤੋਂ ਪਹਿਲਾਂ ਪੂਰੀ ਰਾਤ ਮੀਂਹ ਪੈਂਦਾ ਰਿਹਾ।
3ਅੱਜ ਮੈਚ ਸ਼ੁਰੂ ਹੋਣ ਤੋਂ ਐਨ ਪਹਿਲਾਂ ਮੀਂਹ ਪੈਣ ਲੱਗਾ। ਮੀਂਹ ਭਾਵੇਂ ਹਲਕਾ ਸੀ, ਪਰ ਮੈਦਾਨ ਵਿੱਚ ਪਾਣੀ ਖੜ੍ਹਨ ਕਰਕੇ ਮੁਸ਼ਕਲਾਂ ਵੱਧ ਗਈਆਂ। ਮੈਦਾਨੀ ਸਟਾਫ਼ ਨੇ ਮੈਦਾਨ ਨੂੰ ਖੇਡਣ ਦੇ ਯੋਗ ਬਣਾਉਣ ਲਈ ਖਾਸੀ ਮੁਸ਼ੱਕਤ ਕੀਤੀ, ਪਰ ਨਾਕਾਮ ਰਹਿਣ ਮਗਰੋਂ ਅੰਪਾਇਰਾਂ ਨੇ ਮੈਚ ਰੱਦ ਕਰ ਦਿੱਤਾ। ਕਰੋਨਾਵਾਇਰਸ ਤੇ ਖ਼ਰਾਬ ਮੌਸਮ ਦਾ ਅਸਰ ਟਿਕਟਾਂ ਦੀ ਵਿਕਰੀ ’ਤੇ ਵੀ ਪਿਆ। ਦੂਜਾ ਇਕ ਰੋਜ਼ਾ ਮੈਚ 15 ਮਾਰਚ ਨੂੰ ਲਖਨਊ ਤੇ ਤੀਜਾ ਮੈਚ 18 ਮਾਰਚ ਨੂੰ ਕੋਲਕਾਤਾ ਵਿੱਚ ਖੇਡਿਆ ਜਾਣਾ ਹੈ।
Sports ਮੀਂਹ ਦੀ ਭੇਟ ਚੜ੍ਹਿਆ ਪਹਿਲਾ ਇਕ-ਰੋਜ਼ਾ ਮੈਚ