ਚੰਡੀਗੜ੍ਹ– ਟਰਾਈਸਿਟੀ ਵਿੱਚ ਅੱਜ ਦੁਪਹਿਰ ਵੇਲੇ ਪਏ ਤੇਜ਼ ਮੀਂਹ ਤੇ ਝੱਖੜ ਕਾਰਨ ਆਮ ਜਨਜੀਵਨ ਵਿੱਚ ਵਿਘਨ ਪਿਆ। ਇਸੇ ਦੌਰਾਨ ਲੋਹੜੀ ਦਾ ਤਿਉਹਾਰ ਵੀ ਫਿੱਕਾ ਰਿਹਾ ਤੇ ਲੋਕਾਂ ਨੂੰ ਆਵਾਜਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ’ਚ ਮੀਂਹ ਅਤੇ ਬਰਫ਼ੀਲੀ ਹਵਾਵਾਂ ਨੇ ਮੁੜ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 10.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸੇ ਦੌਰਾਨ 16 ਅਤੇ 17 ਜਨਵਰੀ ਨੂੰ ਮੁੜ ਮੀਂਹ ਪੈਣ ਦੇ ਆਸਾਰ ਹਨ। ਹਨੇਰੀ ਕਰਕੇ ਸ਼ਹਿਰ ’ਚ ਕਈ ਥਾਂ ਦਰੱਖਤ ਡਿੱਗ ਪਏ ਅਤੇ ਖੁਸ਼ਕਿਸਮਤੀ ਨਾਲ ਜਾਨੀ-ਮਾਲੀ ਨੁਕਸਾਨ ਹੋਣ ਬਚਾਅ ਰਿਹਾ।
ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹਸ ਗਈ ਤੇ ਕਈ ਞਾਈਂ ਵਾਰ-ਵਾਰ ਬਿਜਲੀ ਆਉਂਦੀ-ਜਾਂਦੀ ਰਹੀ। ਲੋਹੜੀ ਦੇ ਤਿਉਹਾਰ ਮੌਕੇ ਸਾਮਾਨ ਦੀ ਖਰੀਦੋ-ਫਰੋਖਤ ’ਚ ਵੀ ਲੋਕਾਂ ਨੂੰ ਪ੍ਰੇਸ਼ਾਨੀ ਆਈ। ਸ਼ਹਿਰ ਦੀਆਂ ਕਈ ਸੜਕਾਂ ਪਾਣੀ ’ਚ ਡੁੱਬੀਆਂ ਦਿਖਾਈ ਦਿੱਤੀਆਂ ਤੇ ਕਈ ਸੜਕਾਂ ’ਤੇ ਜਾਮ ਲੱਗਿਆ ਰਿਹਾ। ਇਸ ਕਾਰਨ ਦੁਕਾਨਦਾਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਰਕੇ ਤਾਪਮਾਨ 3 ਡਿਗਰੀ ਤੱਕ ਡਿੱਗ ਗਿਆ। ਅੱਜ ਦਿਨ ਦਾ ਤਾਪਮਾਨ 17.5 ਡਿਗਰੀ ਸੈਲਸੀਅਸ ਸੀ ਅਤੇ ਰਾਤ ਦਾ ਤਾਪਮਾਨ 11.3 ਡਿਗਰੀ ਦਰਜ ਕੀਤਾ ਗਿਆ। ਇਸ ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਦਿਖਾਈ ਦਿੱਤੀ।
INDIA ਮੀਂਹ ਤੇ ਝੱਖੜ ਕਾਰਨ ਜਨ-ਜੀਵਨ ਪ੍ਰਭਾਵਿਤ