ਕਈ ਥਾਈਂ ਦਿਨੇ ਹੀ ਹੋਇਆ ਹਨੇਰਾ; ਪਾਣੀ ਭਰਨ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ
ਪੰਜਾਬ ਭਰ ਵਿਚ ਮੀਂਹ ਪੈਣ, ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਨੁਕਸਾਨੀ ਗਈ। ਇਸ ਦੌਰਾਨ ਹੋਏ ਘੁੱਪ ਹਨੇਰਾ ਹੋਣ ਅਤੇ ਕਈ ਥਾਈਂ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖੇਤੀਬਾੜੀ ਵਿਭਾਗ ਅਨੁਸਾਰ ਮੀਂਹ ਕਣਕਾਂ ਲਈ ਲਾਹੇਵੰਦ ਹੈ, ਬਸ਼ਰਤੇ ਤੇਜ਼ ਹਵਾਵਾਂ ਨਾ ਚੱਲਣ। ਉਧਰ, ਮੌਸਮ ਵਿਭਾਗ ਨੇ ਅਗਲੇ 24 ਘੰਟੇ ਦੌਰਾਨ ਅਜਿਹਾ ਹੀ ਮੌਸਮ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਮਾਲਵਾ ਪੱਟੀ ਵਿਚ ਅੱਜ ਬਾਅਦ ਦੁਪਹਿਰ ਕੁਝ ਇਲਾਕਿਆਂ ਵਿਚ ਮੀਂਹ ਤੇ ਤੇਜ਼ ਹਵਾ ਦੇ ਨਾਲ ਹਲਕੀ ਗੜੇਮਾਰੀ ਹੋਈ। ਇਸ ਕਾਰਨ ਕਣਕ ਵਿਛ ਗਈ। ਜਿਹੜੀ ਕਣਕ ਨੂੰ ਤਾਜ਼ਾ ਪਾਣੀ ਲੱਗਿਆ ਸੀ, ਉਸਦਾ ਜ਼ਿਆਦਾ ਨੁਕਸਾਨ ਹੋਇਆ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਗੁਰਮੇਲ ਸਿੰਘ ਚਾਹਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ। ਇਸੇ ਤਰ੍ਹਾਂ ਸਨਅਤੀ ਸ਼ਹਿਰ ਲੁਧਿਆਣਾ ਵਿਚ ਅੱਜ ਦੁਪਹਿਰ ਬਾਅਦ ਕਰੀਬ ਇਕ ਘੰਟਾ ਪਏ ਜ਼ੋਰਦਾਰ ਮੀਂਹ ਨੇ ਨੀਵੇਂ ਇਲਾਕਿਆਂ ਵਿਚ ਜਲ-ਥਲ ਕਰ ਦਿੱਤਾ। ਮੀਂਹ-ਹਨੇਰੀ ਕਾਰਨ ਇੱਥੇ ਟਰਾਂਸਪੋਰਟ ਨਗਰ, ਚੀਮਾ ਚੌਕ, ਮਿੱਲਰ ਗੰਜ, ਸਮਰਾਲਾ ਚੌਕ, ਗਊਸ਼ਾਲਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ ਆਦਿ ਵਿਚ ਪਾਣੀ ਖੜ੍ਹਾ ਹੋ ਗਿਆ।
ਇਸ ਦੌਰਾਨ ਬੱਦਲ ਇੰਨੇ ਸੰਘਣੇ ਹੋ ਗਏ ਕਿ ਦਿਨ ਵੇਲੇ ਹੀ ਹਨੇਰਾ ਹੋ ਗਿਆ ਤੇ ਰਾਹਗੀਰਾਂ ਨੂੰ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾਉਣੀਆਂ ਪਈਆਂ। ਕੀੜੀ ਦੀ ਚਾਲ ਚੱਲਦੇ ਵਾਹਨਾਂ ਕਰਕੇ ਸਮਰਾਲਾ ਚੌਕ, ਜਗਰਾਉਂ ਪੁਲ, ਘੰਟਾ ਘਰ, ਚੀਮਾ ਚੌਕ, ਬੱਸ ਸਟੈਂਡ ਅਤੇ ਹੋਰ ਕਈ ਥਾਂਵਾਂ ’ਤੇ ਟ੍ਰੈਫਿਕ ਜਾਮ ਰਿਹਾ। ਮੀਂਹ ਦੀ ਰਫ਼ਤਾਰ ਘਟਦੀ ਨਾ ਦੇਖ ਕੇ ਬਿਜਲੀ ਵਿਭਾਗ ਨੂੰ ਬੱਤੀ ਬੰਦ ਕਰਨੀ ਪਈ। ਅੱਜ ਮੀਂਹ ਕਾਰਨ ਵਧੀ ਢੰਡ ਨੇ ਲੋਕਾਂ ਦੇ ਗਰਮ ਕੱਪੜੇ ਦੁਬਾਰਾ ਬਾਹਰ ਕਢਵਾ ਦਿੱਤੇ ਹਨ। ਪੀਏਯੂ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਕੇ.ਕੇ. ਗਿੱਲ ਨੇ ਕਿਹਾ ਕਿ ਲੁਧਿਆਣਾ ‘ਚ ਅੱਜ ਦੁਪਹਿਰ ਬਾਅਦ 9 ਐੱਮਐੱਮ ਮੀਂਹ ਪਿਆ ਹੈ। ਇਹ ਮੀਂਹ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਤਾਪਮਾਨ ਵਧਣ ਨਾਲ ਲੱਗਦੇ ਚੇਪਾ ਰੋਗ ਤੋਂ ਬਚਾਏਗਾ।
ਇਸੇ ਤਰ੍ਹਾਂ ਜਲੰਧਰ ’ਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਤੇ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੱਕ ਥੱਲੇ ਆ ਗਿਆ। ਸ਼ਹਿਰ ਵਿਚ ਸਫ਼ਾਈ ਮਜ਼ਦੂਰਾਂ ਦੀ ਚੱਲਦੀ ਹੜਤਾਲ ਕਾਰਨ ਕੂੜੇ ਦੇ ਲੱਗੇ ਢੇਰਾਂ ’ਤੇ ਮੀਂਹ ਪੈਣ ਨਾਲ ਜਿੱਥੇ ਬਦਬੂ ਜ਼ਿਆਦਾ ਫੈਲ ਗਈ, ਉੱਥੇ ਹੀ ਕੂੜਾ ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਸੜਕਾਂ ਵਿਚ ਆ ਗਿਆ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।