ਲੁਧਿਆਣਾ (ਸਮਾਜਵੀਕਲੀ): ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਮਿਡ-ਡੇ-ਮੀਲ ਵਰਕਰਾਂ ਨੇ ਲੁਧਿਆਣਾ ਦੀਆਂ ਵੱਖ ਵੱਖ ਥਾਵਾਂ ਲਲਤੋਂ, ਦਾਦ, ਜਵਾਹਰ ਨਗਰ, ਜਲੰਧਰ ਬਾਈਪਾਸ, ਜੰਡਿਆਲੀ, ਕੁਹਾੜਾ ਅਤੇ ਮਾਂਗਟ 1 ਆਦਿ ਵਿਖੇ ਇਕੱਠੇ ਹੋਕੇ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ ਮੁਜ਼ਾਹਰੇ ਕੀਤੇ।
ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਾਜ ਰਾਣੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਕੌਰ, ਰਾਧਾ ਰਾਣੀ, ਸਿਮਰਨਜੀਤ ਕੌਰ, ਸਰਬਜੀਤ ਕੌਰ, ਵਿਦਿਆਵਤੀ,ਰਮਨਜੀਤ ਕੌਰ, ਜਸਵਿੰਦਰ ਕੌਰ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰ ਸਕੂਲਾਂ ਅੰਦਰ ਸਿਰਫ 1700 ਰੁਪਏ ਪ੍ਰਤੀ ਮਹੀਨਾ ਮਾਣ ਭੱਤੇ ਅਤੇ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ‘ਤੇ ਖ਼ੇਤ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀਆਂ ਹਨ ਪਰ ਕਰੋਨਾ ਲਾਕਡਾਊਨ ਅਤੇ ਕਰਫਿਊ ਨੇ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ।
ਕਰੋਨਾਵਾਇਰਸ ਫੈਲਣ ਦੇ ਡਰੋਂ ਲੋਕਾਂ ਨੇ ਵੀ ਆਪਣੇ ਘਰਾਂ ਅਤੇ ਖੇਤਾਂ ਅੰਦਰ ਕੰਮ ਕਰਨ ਤੋਂ ਰੋਕ ਦਿੱਤਾ ਹੈ। ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਰੁਪਿੰਦਰ ਪਾਲ ਗਿੱਲ, ਜਨਰਲ ਸਕੱਤਰ ਸੁਖਵਿੰਦਰ ਲੀਲ, ਰਮਨਜੀਤ ਸੰਧੂ, ਮਨਪ੍ਰੀਤ ਸਮਰਾਲਾ, ਰਜਿੰਦਰ ਜੰਡਿਆਲੀ, ਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਸਭ ਤੋਂ ਪੀੜਤ ਵਰਗ ਹੋਣ ਦੇ ਬਾਵਜੂਦ ਸਰਕਾਰ ਇਨ੍ਹਾਂ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।
ਯੂਨੀਅਨ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਅਪਰੈਲ 2020 ਤੋਂ ਵਰਕਰਾਂ ਨੂੰ 3 ਹਜ਼ਾਰ ਰੁਪਏ ਤਨਖਾਹ ਅਤੇ 10 ਮਹੀਨੇ ਦੀ ਥਾਂ ’ਤੇ ਸਾਲ ਵਿੱਚ 12 ਮਹੀਨੇ ਕੰਮ ਦੇਣ ਦੇ ਕੀਤੇ ਗਏ ਵਾਅਦੇ ਨੂੰ ਤੁਰੰਤ ਪੂਰਾ ਕੀਤਾ ਜਾਵੇ।