ਮਿੱਟੀ ਹੇਠ ਦਬਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਲੁਧਿਆਣਾ (ਸਮਾਜਵੀਕਲੀ) :  ਪੱਖੋਵਾਲ ਰੋਡ ’ਤੇ ਪੈਂਦੇ ਪਿੰਡ ਦਾਦ ’ਚ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਨੂੰ ਬਚਾ ਲਿਆ ਗਿਆ ਹੈ। ਲੁਧਿਆਣਾ ਸ਼ਹਿਰ ਤੋਂ 11 ਕਿਲੋਮੀਟਰ ਦੂਰ ਪਿੰਡ ਦਾਦ ’ਚ ਪੰਚਾਇਤੀ ਵਿਕਾਸ ਕਾਰਜਾਂ ਦੌਰਾਨ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਪੁਟਾਈ ਕੀਤੀ ਜਾ ਰਹੀ ਸੀ ਜਿਸ ਦੌਰਾਨ ਤਿੰਨ ਮਜ਼ਦੂਰ ਮਿੱਟੀ ਦੀਆਂ ਢਿੱਗਾਂ ਹੇਠ ਦੱਬੇ ਗਏ।

ਇੱਕ ਮਜ਼ਦੂਰ ਨੂੰ ਤਾਂ ਸਲਾਮਤ ਬਾਹਰ ਕੱਢ ਲਿਆ ਗਿਆ ਜਦਕਿ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਸਾਹ ਘੁਟਣ ਕਾਰਨ ਮੌਤ ਹੋ ਗਈ। ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਮ੍ਰਿਤਕ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਡੇਢ-ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ, ਜੋ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਸਹਾਇਤਾ ਰਾਸ਼ੀ ਵਧਾਈ ਜਾਵੇ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੁਖੀਆਂ ਦੀ ਮੌਤ ਹੋਈ ਹੈ।

ਪੁਲੀਸ ਚੌਕੀ ਲਲਤੋਂ ਦੇ ਇੰਚਾਰਜ ਨੇ ਦੱਸਿਆ ਹੈ ਕਿ ਘਟਨਾ ਤੋਂ ਸੂਚਨਾ ਮਿਲਣ ਮਗਰੋਂ ਪੁਲੀਸ ਪਾਰਟੀ ਨੇ ਮੌਕੇ ’ਤੇ ਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਜਾਅਲੀ ਕੋਵਿਡ ਰਿਪੋਰਟਾਂ: ਸਿੱੱਟ ਕਰੇਗੀ ਘੁਟਾਲੇ ਦੀ ਜਾਂਚ
Next articleਵਿਦਿਆਰਥੀਆਂ ਤੇ ਕਿਰਤੀਆਂ ਦੇ ਹੱਕਾਂ ਲਈ ਜੂਝਣ ਵਾਲੇ ਕਾਮਰੇਡ ਹਰਪਾਲ ਦਾ ਦੇਹਾਂਤ