(ਸਮਾਜ ਵੀਕਲੀ)
“ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ”
ਬਾਬਾ ਫਰੀਦ ਜੀ ਦੀਆਂ ਅਰਜ਼ ਕੀਤੀਆਂ ਇਹ ਸਤਰਾਂ ਮਨੁੱਖੀ ਵਜੂਦ ਅਤੇ ਹੋਂਦ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਇਸ ਦੁਨੀਆਂ ਵਿੱਚ ਹਰੇਕ ਮਨੁੱਖ ਦੇ ਜਿੰਦਗੀ ਜਿਉਣ ਤੇ ਉਸ ਵੇਖਣ ਦੇ ਅਨੇਕਾਂ ਨਜ਼ਰੀਏ ਅਤੇ ਢੰਗ ਤਰੀਕੇ ਹੁੰਦੇ ਹਨ, ਪਰ ਬਹੁਤ ਘੱਟ ਲੋਕ ਇਸ ਜਿੰਦਗੀ ਦੇ ਅਸਲ ਮਕਸਦ ਤੋ ਵਾਕਿਫ ਹੁੰਦੇ ਹਨ। ਸਮਾਜ ਵਿੱਚ ਰਹਿੰਦੇ ਹੋਏ ਅਸੀ ਦੁਨਿਆਵੀ ਰਿਸ਼ਤਿਆਂ ਅਤੇ ਅਹੁਦਿਆਂ ਦਾ ਪ੍ਰਤੀਨਿਧ ਕਰਦੇ ਹਾਂ, ਪਰ ਕਦੀ ਸੋਚਿਆ ਹੈ ਕਿ ਇਸ ਮਿੱਟੀ ਦੇ ਜੀਵ ਦੀ ਮੂਰਤ ਦਾ ਅਸਲ ਮਕਸਦ ਕੀ ਹੋਵੇਗਾ ?
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਬਾਸ਼ਿੰਦੇ ਜਿੰਨਾ ਨੇ ਆਪਣੀ ਜਿੰਦਗੀ ਦੇ ਅਨੁਭਵਾਂ ਅਤੇ ਵਿਚਾਰਾਂ ਦਾ ਨਿਚੋੜ ਸਾਨੂੰ ਸਾਹਿਤ ਦੇ ਰੂਪ ਵਿੱਚ ਪ੍ਰਦਾਨ ਕੀਤਾ ਹੈ।ਬਾਬਾ ਫਰੀਦ, ਬਾਬਾ ਨਾਨਕ, ਬੁੱਲੇ ਸ਼ਾਹ ਆਦਿ ਬਹੁਤ ਰਚਨਾਕਾਰ ਹਨ ਜਿੰਨ੍ਹਾਂ ਨੇ ਮਨੁੱਖ ਦੀ ਅਸਲ ਹੋਂਦ ਲਈ ਸੰਵਾਦ ਕੀਤਾ ਅਤੇ ਕਲਮ ਦੀ ਤਾਕਤ ਨੂੰ ਸਮਝਦਿਆਂ ਹੋਇਆਂ ਆਪਣੇ ਵਿਚਾਰਾਂ ਰਾਹੀਂ ਮਿੱਟੀ ਦੇ ਵਾਰਿਸ ਹੋਣ ਦਾ ਫਰਜ਼ ਅਦਾ ਕੀਤਾ ਸੀ। ਮਨੁੱਖ ਦੇ ਮਰਨ ਤੋ ਬਾਅਦ ਉਸ ਦੀ ਸਖ਼ਸ਼ੀਅਤ ਦੇ ਗੁਣ ਅਤੇ ਵਿਚਾਰ ਹਮੇਸ਼ਾ ਜਿਉਂਦੇ ਰਹਿੰਦੇ ਹਨ।
ਸਾਡੀਆਂ ਰਚਨਾਵਾਂ, ਮੁਹੱਬਤਾਂ ਅਤੇ ਨਜ਼ਰੀਆ ਦੂਸਰਿਆਂ ਲਈ ਇਕ ਮਿਸਾਲ ਪੇਸ਼ ਕਰਦਾ ਹੈ।ਅਸਲ ਵਿੱਚ ਤੁਸੀ ਉਹੀ ਹੋ ਜੋ ਤੁਸੀ ਸੋਚਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਸੀ ਇਕ ਸੋਹਣਾ ਫੁੱਲ ਹੋ , ਤਾਂ ਤੁਹਾਨੂੰ ਫੁੱਲਾਂ ਦੇ ਬਗੀਚੇ ਵਿੱਚ ਰੱਖਿਆ ਜਾਵੇਗਾ ਅਤੇ ਮਹਿਕਾਂ ,ਸੁਗੰਧਾਂ , ਭਉਰਿਆ ਦੀ ਦੋਸਤੀ ਦਾ ਅਹਿਸਾਸ ਹੋਵੇਗਾ। ਪਰ ਜੇਕਰ ਤੁਸੀਂ ਸੁੱਕੇ ਹੋਏ ਕੰਡੇ ਵਾਂਗੂੰ ਹੋ ਤਾਂ, ਤੁਸੀਂ ਭੱਠੀ ਵਿੱਚ ਖ਼ਤਮ ਹੋ ਜਾਵੇਗੇ। ਇਸ ਲਈ ਸਾਡਾ ਨਜ਼ਰੀਆ ਅਤੇ ਸੋਚ ਦੀਆ ਉਡਾਰੀਆਂ ਜਿੰਦਗੀ ਦੇ ਮਕਸਦ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ।
ਇਸ ਖੁਸ਼ਨੁਮਾ ਅਤੇ ਪਾਕੀਜ਼ ਖ਼ਲਕਤ ਵਿੱਚ ਰਹਿੰਦੇ ਹੋਏ ਕਦੇ ਵੀ ਉਦਾਸ ਨਾ ਹੋਵੋ , ਹਰੇਕ ਪਲ ਇਸ ਤਰ੍ਹਾਂ ਬਤੀਤ ਕਰੋ ਕਿ ਇਹ ਕੁਝ ਨਵਾਂ ਅਤੇ ਚੰਗਾ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਆਪਣੇ ਅੰਦਰ ਝਾਤੀ ਮਾਰੋ ਤੁਹਾਨੂੰ ਉਸ ਦੁਨੀਆਂ ਨੂੰ ਵੇਖਣ ਦਾ ਮੌਕਾ ਮਿਲੇਗਾ ਜੋ ਸ਼ਾਇਦ ਤੁਹਾਡੀ ਕਲਪਨਾ ਤੋ ਕੋਹਾਂ ਦੂਰ ਹੈ ਅਤੇ ਤੁਹਾਡੇ ਅੰਦਰ ਛੁਪੀ ਹੋਈ ਹੈ। ਮਨੁੱਖੀ ਵਿਚਾਰ ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਅਤੇ ਇਸ ਮਿੱਟੀ ਦੇ ਅਸਲ ਵਾਰਿਸ ਹੋਣ ਦਾ ਖਿਤਾਬ ਤੁਹਾਡੇ ਝੋਲੀ ਪਾਉਣਗੇ। ਗੁਰਬਾਣੀ ਵਿੱਚ ਲਿਖਿਆ ਹੈ ਕਿ ਮਨਿ ਤੂੰ ਜੋਤਿ ਸਰੂਪੁ ਹੈ ਅਪਣਾ ਮੂਲ ਪਛਾਣੁ।
ਸਾਡੀ ਆਤਮਾ ਅੰਦਰ ਅਜਿਹੀ ਸ਼ਕਤੀ ਹੈ ਜੋ ਸਾਡੇ ਮੂਲ ਨੂੰ ਪ੍ਰਦਰਸ਼ਿਤ ਕਰਦੀ ਹੋਈ ਪਰਮਾਤਮਾ ਦਾ ਗਿਆਨ ਕਰਵਾਉਂਦੀ ਹੈ। ਇਹ ਬ੍ਰਹਿਮੰਡ ਬਾਹਰ ਨਹੀ ਹੈ ਸਾਡੇ ਅੰਦਰ ਹੈ ਅਤੇ ਹਰ ਉਹ ਅਧਿਆਤਮਿਕ ਅਹਿਸਾਸ ਜੋ ਅਸੀ ਚਾਹੁੰਦੇ ਹਾਂ ਉਹ ਪਹਿਲਾਂ ਹੀ ਸਾਡੇ ਕੋਲ ਮੌਜੂਦ ਹੁੰਦਾ ਹੈ।ਜਿੰਦਗੀ ਵਿੱਚ ਆਪਣੇ ਆਪ ਉੱਤੇ ਵਿਸ਼ਵਾਸ ਸਾਨੂੰ ਇੱਕ ਨਵੀਂ ਦਿਸ਼ਾ ਅਤੇ ਸੋਚ ਪ੍ਰਦਾਨ ਕਰਦਾ ਹੈ , ਇਹ ਇੱਕ ਅਜਿਹੀ ਅਵਸਥਾ ਹੈ ਜੋ ਨਾਕਾਰਾਤਮਿਕ ਪ੍ਰਸਥਿਤੀਆਂ ਵਿੱਚ ਵੀ ਸਾਨੂੰ ਸਾਕਾਰਾਤਮਿਕਤਾ ਦਾ ਗਿਆਨ ਕਰਵਾਉਂਦੀ ਹੈ।
ਆਉ ਅਜਿਹੇ ਵਿਚਾਰਾਂ ਰਾਹੀਂ ਚੰਗੇ ਚਰਿੱਤਰ ਅਤੇ ਸਮਾਜ ਦੀ ਸਿਰਜਣਾ ਕਰੀਏ ਜੋ ਸਾਨੂੰ ਆਪਣੀ ਹੋਂਦ ਨਾਲ ਰੂਬਰੂ ਕਰਵਾਉਂਦਾ ਹੋਵੇ।
ਗਗਨਦੀਪ ਸਿੰਘ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
9530956506