(ਸਮਾਜ ਵੀਕਲੀ)
‘5 ਦਸੰਬਰ ਵਿਸ਼ਵ ਮਿੱਟੀ ਦਿਵਸ’ਤੇ ਵਿਸ਼ੇਸ਼
ਮਿੱਟੀ ਦੀ ਸਿਹਤ ਸੁਧਾਰਨ ਵਾਸਤੇ ਮਿੱਟੀ ਦੀ ਬਣਤਰ ਨੂੰ ਸਮਝਣਾ ਬਹੁਤ ਜ਼ਰੂਰੀ -ਯਾਦਵਿੰਦਰ ਸਿੰਘ
ਕਪੂਰਥਲਾ 5 ਦਸੰਬਰ (ਹਰਜੀਤ ਸਿੰਘ ਵਿਰਕ) ‘ਹਰ ਸਾਲ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਦਾ ਸਿਹਤਮੰਦ ਮਿੱਟੀ ਦੀ ਮਹੱਤਤਾ ‘ਤੇ ਧਿਆਨ ਕੇਂਦਰਤ ਕੀਤਾ ਜਾ ਸਕੇ ।
5 ਦਸੰਬਰ ਨੂੰ ਹੀ ਕਿਉਂ ਚੁਣਿਆ ਗਿਆ ਮਿੱਟੀ ਸਿਹਤ ਦਿਵਸ ਵਾਸਤੇ ?
5 ਦਸੰਬਰ ਦੀ ਤਰੀਕ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਉਸ ਦਿਨ ਥਾਈਲੈਂਡ ਦੇ ਮਰਹੂਮ ਰਾਜੇ ਭੂਮੀਬੋਲ ਆਡੁਲਾਇਦੇਜ ਦਾ ਜਨਮਦਿਨ ਸੀ ਜੋ ਕਿ ਇਸ ਉੱਦਮ ਦਾ ਪ੍ਰਮੁੱਖ ਹਮਾਇਤੀ ਸੀ।
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤੁ॥
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਪੁਜੀ ਸਾਹਿਬ ਦੇ ਆਖ਼ਰ ਤੇ ਲਿਖਿਆ ਸਲੋਕ ਸਾਨੂੰ ਹਵਾ,ਪਾਣੀ ਅਤੇ ਧਰਤੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਜਿਵੇਂ ਹਵਾ ਅਤੇ ਪਾਣੀ ਤੋਂ ਬਗੈਰ ਜੀਵਨ ਸੰਭਵ ਨਹੀਂ ਹੈ ਉਸ ਤਰ੍ਹਾਂ ਹੀ ਮਿੱਟੀ ਦਾ ਵੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ । ਪਰ ਅਸੀਂ ਆਪਣੇ ਲਾਲਚਵੱਸ ਅਤੇ ਅੱਗੇ ਵਧਣ ਦੀ ਲਾਲਸਾ ਨੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਵੀ ਪਲੀਤ ਕਰ ਦਿੱਤਾ ਹੈ ।ਸਾਲ 2013 ਵਿੱਚ ‘ਮਿੱਟੀ ਦਿਵਸ’ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
5 ਦਸੰਬਰ 2014 ਤੋਂ ਇਹ ਹਰ ਸਾਲ ਸੌ ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ । ਹਰ ਸਾਲ ਇਸ ਦਿਨ ਮਿੱਟੀ ਦੀ ਮਨੁੱਖੀ ਜ਼ਿੰਦਗੀ ਵਿੱਚ ਬੁਨਿਆਦੀ ਭੂਮਿਕਾ ਨੂੰ ਪਛਾਨਣ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਲਈ ਆਪਣੇ-ਆਪ ਨੂੰ ਸਮਰਪਿਤ ਕਰਨ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਮਿੱਟੀ ਮਨੁੱਖਤਾ ਨੂੰ ਉਪਲਬਧ ਕੁਦਰਤੀ ਸੋਮਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਸਾਨੂੰ ਖਾਧ-ਅੰਨ, ਪਾਣੀ ਅਤੇ ਊਰਜਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੀ ਹੈ।
ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਰਸਾਇਣਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਿਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
ਕਿਸਾਨਾਂ ਦੁਆਰਾ ਫਸਲਾ ਤੋਂ ਵਧੇਰੇ ਮੁਨਾਫੇ ਦੇ ਲਾਲਚ ਕਰ ਕੇ ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਾਰਨ ਪ੍ਰਦੂਸ਼ਿਤ ਹੋ ਚੁੱਕੀ ਹੈ।ਇਸ ਤਰ੍ਹਾਂ ਹੀ ਅਸੀਂ ਮਿੱਟੀ ਦਾ ਸੰਤੁਲਨ ਵੀ ਬੇਲੋੜੀਆਂ ਖਾਦਾਂ ਅਤੇ ਜ਼ਹਿਰਾਂ ਵਰਤ ਕੇ ਵਿਗਾੜ ਦਿੱਤਾ ਹੈ ਅਤੇ ਸਾਨੂੰ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਨੇ ਆਣ ਘੇਰਾ ਪਾਇਆ ।ਮਿੱਟੀ ਦੀ ਸਿਹਤ ਨੂੰ ਸੁਧਾਰਨ ਵਾਸਤੇ ਸਾਨੂੰ ਉਸ ਦੀ ਬਣਤਰ ਨੂੰ ਸਮਝਣਾ ਪਵੇਗਾ ਅਤੇ ਉਸ ਦੀ ਬਣਤਰ ਦੇ ਆਧਾਰ ਤੇ ਹੀ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ ।
ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾਂਦੀ ‘ਸੋਇਲ ਹੈਲਥ ਕਾਰਡ ਸਕੀਮ’ ਤਹਿਤ ਮਿੱਟੀ ਦੀ ਪਰਖ ਕਰਵਾਈ ਜਾਵੇ ਅਤੇ ਉਸ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ । ਝੋਨੇ ਦੀ ਪਰਾਲੀ ,ਕਣਕ ਦਾ ਨਾੜ ਅਤੇ ਹੋਰ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਦੇ ਵਿੱਚ ਦਬਾਉਣ ਦੇ ਨਾਲ ਜੈਵਿਕ ਮਾਦਾ ਅਤੇ ਹੋਰ ਲੋੜੀਂਦੇ ਤੱਤ ਜ਼ਮੀਨ ਨੂੰ ਮਿਲਦੇ ਹਨ ।
ਭਾਵੇਂ ਕਿ ਇਹ ਸਭ ਕਰਨ ਦੇ ਲਈ ਮਹਿੰਗੀਆਂ ਮਸ਼ੀਨਾਂ ਅਤੇ ਵੱਡੇ ਟਰੈਕਟਰਾਂ ਦੀ ਲੋੜ ਹੈ ਅਤੇ ਸਾਡੇ ਉਪਰ ਵਿੱਤੀ ਬੋਝ ਪੈਂਦਾ ਹੈ ਪਰ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਜੇ ਕੋਈ ਜਾਇਦਾਦ ਦੇਣਾ ਚਾਹੁੰਦੇ ਹਾਂ ਤਾਂ ਉਹ ਕੁਦਰਤੀ ਸੋਮੇ ਹੀ ਹਨ ਹਵਾ, ਪਾਣੀ ਅਤੇ ਮਿੱਟੀ ਪਰ ਪੈਸੇ ਕਮਾਉਣ ਦੀ ਹੋੜ ਅਤੇ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਣਾ ਕਿਉਂਕਿ ਇਹ ਕੁਦਰਤੀ ਸੋਮਿਆਂ ਨੂੰ ਅਸੀਂ ਬੇਫ਼ਜ਼ੂਲ ਵਰਤਦੇ ਹਾਂ ਅਤੇ ਇਨ੍ਹਾਂ ਦੀ ਭਰਪਾਈ ਕਰਨ ਦੇ ਕੋਈ ਯਤਨ ਨਹੀਂ ਕਰਦੇ ।
ਮਿੱਟੀ ਦੀ ਅਹਿਮੀਅਤ ਦਰਸਾਉਂਦੀਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਰਦਾਰ ਅੰਜ਼ੁਮ ਦੀਆਂ ਇਹ ਸਤਰਾਂ ਸਾਨੂੰ ਮਿੱਟੀ ਦੀ ਸੁਚੱਜੀ ਵਰਤੋਂ ਤੇ ਸਾਂਭ-ਸੰਭਾਲ ਦਾ ਸੰਦੇਸ਼ ਦਿੰਦੀਆਂ ਹਨ:
‘ਇਹ ਦਾ ਰੰਗ ਸੰਧੂਰੀ ਹੈ,
ਇਹ ਗੋਰੀ ਚਿੱਟੀ ਹੈ।
ਇਸ ਨੂੰ ਮੈਲੀ ਨਾ ਕਰਿਓ,
ਮੇਰੇ ਪੰਜਾਬ ਦੀ ਮਿੱਟੀ ਹੈ।’
ਇਸ ਲਈ ਆਓ, ਸਭ ਮਿਲਕੇ ਮਿੱਟੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੇ ਕੁਦਰਤੀ ਸੰਤੁਲਨ ਅਤੇ ਸੁਹੱਪਣ ਨੂੰ ਬਣਾਈ ਰੱਖਣ ਵਿੱਚ ਦ੍ਰਿੜਤਾ ਨਾਲ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ ਤਾਂ ਜੋ ਅਸੀਂ ਖ਼ੁਸ਼ਹਾਲ ਅਤੇ ਸਵੱਛ ਜੀਵਨ ਜਿਉਣਯੋਗ ਕੁਦਰਤੀ ਸੋਮੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰ ਸਕੀਏ।
ਯਾਦਵਿੰਦਰ ਸਿੰਘ
ਬਲਾਕ ਟੈਕਨੋਲਜੀ ਮੈਨੇਜਰ