ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਰੰਗੀਲ ਸਿੰਘ ਖੇਤੀਬਾੜੀ ਅਫਸਰ, ਸਮਰਾਲਾ ਜੀ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਪਿੰਡ ਬਘੌਰ ਬਲਾਕ ਸਮਰਾਲਾ ਵਿਖੇ ਲਗਾਇਆ ਗਿਆ। ਇਸ ਕੈੰਪ ਦੋਰਾਨ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਿਸਾਨ ਵੀਰ ਕਣਕ ਵਿੱਚ ਹੋ ਰਹੇ ਪੀਲੀ ਕੂੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਇਸ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਫ਼ਾਰਿਸ ਉਲੀਨਾਸ਼ਕ ਜ਼ਹਿਰਾ ਦੀ ਹੀ ਵਰਤੋਂ ਕਰਨ। ਓਹਨਾ ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਇਕ ਤੋਂ ਵੱਧ ਜ਼ਹਿਰਾਂ ਰਲਾ ਕੇ ਛਿੜਕਾਅ ਨਾ ਕਰਨ ਦੀ ਵੀ ਆਪੀਲ ਕੀਤੀ। ਉਹਨਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਸੱਠੀ ਮੂੰਗੀ ਦੀ ਕਾਸ਼ਤ ਲਈ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ। ਸੱਠੀ ਮੂੰਗੀ ਦੀ ਕਾਸ਼ਤ ਕਰਨ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਕਿਉਂ ਕਿ ਇਸ ਦੀਆਂ ਗੰਢਾ ਹਵਾ ਵਿਚੋਂ ਨਾਈਟ੍ਰੋਜਨ ਫਿਕਸ ਕਰਦੀਆਂ ਹਨ ਅਤੇ ਆਉਣ ਵਾਲੀ ਫ਼ਸਲ ਵਿੱਚ ਯੂਰੀਆ ਖਾਦ ਦੀ ਖ਼ਪਤ 25% ਤੱਕ ਸਫ਼ਾਰਿਸ ਤੋਂ ਘੱਟ ਕੀਤੀ ਜਾ ਸਕਦੀ ਹੈ।
ਉਹਨਾਂ ਮੂੰਗੀ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਉਪਰੰਤ ਉਹਨਾਂ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਨਾਲ ਡੀ ਏ ਪੀ ਖਾਦ ਨਾ ਪਾਉਣ ਦੀ ਆਪੀਲ ਵੀ ਕੀਤੀ। ਕਿਉਂ ਕਿ ਇਸ ਨਾਲ ਜ਼ਿੰਕ ਤੱਤ ਦੀ ਘਾਟ ਆ ਸਕਦੀ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਹਮੇਸ਼ਾ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਿਰ ਹੈ ਅਤੇ ਖੇਤੀ ਖ਼ਰਚੇ ਘਟਾਉਣ ਦੇ ਨਾਲ ਨਾਲ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਓਹਨਾ ਕਿਸਾਨ ਵੀਰਾਂ ਨੂੰ 20 ਅਤੇ 21 ਮਾਰਚ ਪੀ. ਏ.ਯੂ, ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲਿਆਂ ਵਿੱਚ ਭਾਗ ਲੈਣ ਦੀ ਆਪੀਲ ਕੀਤੀ। ਓਹਨਾ ਦੱਸਿਆ ਕਿ ਮੇਲੇ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਜਿਵੇਂ ਕਿ ਪੀ ਆਰ 128 ਅਤੇ ਪੀ ਆਰ 129 ਦਾ ਬੀਜ ਉਪਲੱਬਧ ਹੋਵੇਗਾ। ਓਹਨਾਂ ਜੰਤਰ ਹੇਠ ਰਕਬਾ ਵਧਾਉਣ ਦੇ ਨਾਲ ਨਾਲ ਹਰੀ ਖਾਦ ਦੇ ਫਾਇਦੇ ਵੀ ਦੱਸੇ। ਅੰਤ ਵਿੱਚ ਉਹਨਾਂ ਹਾਜ਼ਿਰ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ, ਪਰਗਟ ਸਿੰਘ, ਕਰਨੈਲ ਸਿੰਘ ਬਲਵਿੰਦਰ ਸਿੰਘ, ਦਲਜੀਤ ਸਿੰਘ, ਸੰਗਤ ਸਿੰਘ, ਨਾਜਰ ਸਿੰਘ, ਅਜੀਤ ਸਿੰਘ, ਉਜਾਗਰ ਸਿੰਘ, ਗੁਰਦੇਵ ਸਿੰਘ, ਬਚਿੱਤਰ ਸਿੰਘ, ਜਗਦੀਸ਼ ਕੁਮਾਰ, ਗੁਰਦੀਸ਼ ਸਿੰਘ, ਜਸਵੀਰ ਸਿੰਘ ਅਤੇ ਜਗਦੀਪ ਸਿੰਘ ਹਾਜ਼ਿਰ ਸਨ।