(ਸਮਾਜ ਵੀਕਲੀ)
ਪੂਰੇ ਨਾ ਹੋਣ ਕਦੇ ਵੀ ਟੀਚੇ ਜੋ ਮਿੱਥੇ ਹੋਏ ,
ਮੱਥਿਆਂ ‘ਤੇ ਵਿਓ ਮਾਤਾ ਨੇ ਲੇਖ ਜਿਹੜੇ ਲਿਖੇ ਹੋਏ,
ਬੇਹਿੰਮਤੇ ਲੋਕ ਆਖਦੇ ਜਾਂਦੇ ਨਹੀਂਓਂ ਟਾਲ਼ੇ ਬਈ।
ਪਰ ਲੇਖਾਂ ਨੂੰ ਬਦਲ ਦਿੰਦੇ ਨੇ ਮਿਹਨਤਾਂ ਵਾਲ਼ੇ ਬਈ।
ਅੰਬਰੀਂ ਉਹ ਲਾਉਂਣ ਉਡਾਰੀ
ਹਿੰਮਤਾਂ ਵਿੱਚ ਜਾਨ ਜਿਹਨਾਂ ਦੇ ।
ਧਰਤੀ ਵੀ ਧੱਕ ਦਿੰਦੇ ਨੇ ,
ਡੌਲ਼ਿਆਂ ਵਿੱਚ ਤਾਣ ਜਿਹਨਾਂ ਦੇ ।
ਇੱਕ ਕੀਤੇ ਦਿਨ ਤੇ ਰਾਤ ਕਦੇ ,
ਜਾਂਦੇ ਨਹੀਂਓਂ ਆਹਲ਼ੇ ਬਈ ।
ਲਿਖਤਾਂ ਨੂੰ ਮੇਟ ਦਿੰਦੇ ਨੇ ਮਿਹਨਤਾਂ ਵਾਲ਼ੇ ਬਈ।
ਹੱਥੀਂ ਜਿਹੜੇ ਕਰਨ ਕਮਾਈਆਂ ,
ਲੋਹੇ ਵਰਗੇ ਬਣ ਜਾਂਦੇ ।
ਪਰਬਤ ਨਾਲ਼ ਟੱਕਰ ਲੈਣ ਲਈ ,
ਚੌੜੇ ਸੀਨੇ ਤਣ ਜਾਂਦੇ ।
ਜੁਗਨੂੰਆਂ ਤੋਂ ਡਰ ਡਰ ਭਜਦੇ ,
ਨੇ੍ਰੇ ਜੋ ਕਾਲ਼ੇ ਬਈ ।
ਲੇਖਾਂ ਨੂੰ ਟਾਲ਼ ਦਿੰਦੇ ਨੇ ਮਿਹਨਤਾਂ ਵਾਲ਼ੇ ਬਈ।
ਸੂਰਜ ਦੀਆਂ ਕਿਰਨਾਂ ਵਰਗੇ ,
ਹੁੰਦੇ ਭਾਵੇਂ ਟਾਵੇਂ ਟਾਵੇਂ ।
ਤਪਦੇ ਵਿੱਚ ਸਿਖ਼ਰ ਦੁਪਹਿਰਾਂ ,
ਤੁਰਦੇ ਨਾ ਛਾਵੇਂ ਛਾਵੇਂ ।
ਆਖ਼ਿਰ ਨੂੰ ਗੱਡ ਦਿੰਦੇ ਨੇ ,
ਕੱਲਰਾਂ ਵਿੱਚ ਫਾਲ਼ੇ ਬਈ ।
ਲਿਖਤਾਂ ਨੂੰ ਧੋ ਦਿੰਦੇ ਨੇ ਮਿਹਨਤਾਂ ਵਾਲ਼ੇ ਬਈ।
ਤੁਰ ਪੈਂਦੇ ਜਦੋਂ ਕਾਫਲੇ ,
ਆਪੇ ਬਣ ਜਾਂਦੈ ਹੀਲਾ ।
ਉਹਨਾਂ ਦੀ ਗਰਦਨ ‘ਚੋਂ ਵੀ,
ਕੱਢ ਦਿੰਦੇ ਫਸਿਆ ਕੀਲਾ ।
ਜ਼ਾਲਮ ਜੋ ਜੁਲਮ ਕਮਾਉਂਦੇ ,
ਥਿਆਉਂਦੇ ਨਾ ਭਾਲ਼ੇ ਬਈ ।
ਲਿਖਤਾਂ ਨੂੰ ਧੋ ਦੇਂਦੇ ਨੇ ਮਿਹਨਤਾਂ ਵਾਲ਼ੇ ਬਈ ।
ਵਸਦੇ ਜੋ ਪਿੰਡ ਰੰਚਣਾਂ ,
ਸ਼ਰਮੇਂ ਜਿਹੇ ਚੇਤਨ ਬੰਦੇ ।
ਰਲ਼ ਮਿਲ ਕੇ ਇੱਕ ਦੂਜੇ ਦੇ ,
ਕੰਧਿਆਂ ਨਾਲ਼ ਲਾਉਂਦੇ ਕੰਧੇ ।
ਰਾਜਿਆਂ ਦੇ ਰਹਿਣ ਫੋਲਦੇ ,
ਘਾਲ਼ੇ ਤੇ ਮਾਲ਼ੇ ਬਈ ।
ਲੇਖਾਂ ਨੂੰ ਬਦਲ ਵਿਖਾਉਂਦੇ ਮਿਹਨਤਾਂ ਵਾਲ਼ੇ ਬਈ।
ਮੂਲ ਚੰਦ ਸ਼ਰਮਾ
9478408898