- ਦੋ ਸੋਨੇ, ਛੇ ਚਾਂਦੀ ਅਤੇ 12 ਕਾਂਸੀ ਦੇ ਸਰਟੀਫਿਕੇਟ ਜਿਤੇ
- ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮਿਸ਼ਨ ਫ਼ਤਿਹ ਯੋਧੇ ਬਣਨ ਦਾ ਸੱਦਾ
ਕਪੂਰਥਲਾ;19 ਜੁਲਾਈ(ਕੌੜਾ) (ਸਮਾਜਵੀਕਲੀ): ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਵਿੱਚ ਲੋਕਾਂ ਵੀ ਵੱਡੀ ਸ਼ਮੂਲੀਅਤ ਸਦਕਾ ਕਪੂਰਥਲਾ ਵਾਸੀਆਂ ਨੇ 2 ਸੋਨੇ, 6 ਚਾਂਦੀ ਅਤੇ 12 ਕਾਂਸੀ ਦੇ ਸਰਟੀਫਿਕੇਟ ਜਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪੱਲ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਪ੍ਰੋਗਰਾਮ ਤਹਿਤ ਕਪੂਰਥਲਾ ਵਾਸੀਆਂ ਨੇ ਵੱਡੇ ਪੱਧਰ ‘ਤੇ ਅਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਸ਼ੁਰੂ ਕੀਤੀ ਗਈ ਜੰਗ ਵਿੱਚ ਕਪੂਰਥਲਾ ਵਾਸੀਆਂ ਵਲੋਂ ਮਿਸ਼ਨ ਫ਼ਤਿਹ ਪ੍ਰੋਗਰਾਮ ਤਹਿਤ ਵੱਡੇ ਪੱਧਰ ‘ਤੇ ਯੋਗਦਾਨ ਪਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਘਰ-ਘਰ ਜਾ ਕੇ ਲੋਕਾਂ ਵਿੱਚ ਮੈਡੀਕਲ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਜਿਸ ਵਿੱਚ ਦੋ ਗਜ਼ ਦੀ ਦੂਰੀ ਬਣਾਈ ਰੱਖਣਾ, ਮਾਸਕ ਪਾਉਣਾ ਅਤੇ ਦਿਨ ਪ੍ਰਤੀ ਦਿਨ ਹੱਥਾਂ ਨੂੰ ਧੋਣਾ ਸ਼ਾਮਿਲ ਹੈ ਬਾਰੇ ਜਾਗਰੂਕ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨਾਂ ਨੇ ਦੱਸਿਆ ਕਿ ਹੁਣ ਸੂਬਾ ਸਰਕਾਰ ਵਲੋਂ ਮਿਸ਼ਨ ਫ਼ਤਿਹ ਵਾਰੀਅਜ਼ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ ਅਤੇ ਇਸ ਦੌਰਾਨ ਡਾਇਮੰਡ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਯੋਧੇ ਬਣਨ ਲਈ ਨਾਗਰਕਾਂ ਨੂੰ ਅਪਣੇ ਮੋਬਾਇਲ ਫੋਨ ‘ਤੇ ਕੋਵਾ ਐਪ ਡਾਊਨ ਲੋਡ ਕਰਨੀ ਹੋਵੇਗੀ ਅਤੇ ਐਪ ‘ਤੇ ਰਜਿਸਟਰੇਸ਼ਨ ਤੋਂ ਬਾਅਦ ਲਿੰਕ ਨੂੰ ਦਬਾ ਕੇ ਮਿਸ਼ਨ ਫ਼ਤਿਹ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਲੋਕ ਕੋਵਾ ਐਪ ਨੂੰ ਡਾਊਨਲੋਡ ਕਰ ਲੈਣਗੇ ਉਹ ਰੋਜ਼ਾਨਾ ਸਾਵਧਾਨੀਆਂ ਨੂੰ ਅਪਣਾਉਣ ਜਿਸ ਵਿੱਚ ਮਾਸਕ ਪਾਉਣਾ, ਹੱਥ ਧੋਣਾ , ਸਮਾਜਿਕ ਦੂਰੀ ਦੀ ਪਾਲਣਾ ਕਰਨਾ ਆਦਿ ਸ਼ਾਮਿਲ ਹੈ ਰਾਹੀਂ ਪੁਆਇੰਟ ਕਮਾ ਸਕਣਗੇ। ਉਨਾਂ ਕਿਹਾ ਕਿ ਇਹ ਪੁਆਇੰਟ ਜੇ ਉਨਾਂ ਨੇ ਕੋਵਾ ਐਪ ਡਾਊਨਲੋਡ ਕੀਤੀ ਹੈ ਤਾਂ ਰੈਫਰਲ ਨੰਬਰ ਰਾਹੀਂ ਵੀ ਕਮਾਏ ਜਾ ਸਕਦੇ ਹਨ।
ਉਨਾਂ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ’ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਵਿਸ਼ੇਸ਼ ਪ੍ਰੋਗਰਾਮ ਹੈ ਜੋ ਕਿ ਲੋਕਾਂ ਦਾ ਮਿਸ਼ਨ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੈ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਅਨੁਸਾਸ਼ਨ, ਸਹਿਯੋਗ ਅਤੇ ਦਇਆ ਰਾਹੀਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਲੋਕਾਂ ਦੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।