ਮਿਸ਼ਨ ਗੁਜਰਾਤ: ਚੋਣਾਂ ’ਚ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਕਰਨਗੇ ਪ੍ਰਚਾਰ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ‘ਆਪ’ ਵਿਧਾਇਕ ਤੇ ਵਜ਼ੀਰ ‘ਗੁਜਰਾਤ ਮਿਸ਼ਨ’ ਉੱਤੇ ਜਾਣਗੇ। ਅਗਾਮੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਦਿੱਲੀ ਅਤੇ ਪੰਜਾਬ ’ਚੋਂ ‘ਆਪ’ ਵਿਧਾਇਕ ਚੋਣਾਂ ਤੱਕ ਉਥੇ ਹੀ ਤਾਇਨਾਤ ਕੀਤੇ ਜਾਣੇ ਹਨ। ਪੰਜਾਬ ਵਿਧਾਨ ਸਭਾ ਦਾ ਮੌਜੂਦਾ ਇਜਲਾਸ 3 ਅਕਤੂਬਰ ਨੂੰ ਖ਼ਤਮ ਹੋਣ ਮਗਰੋਂ ‘ਆਪ’ ਵਿਧਾਇਕ ਗੁਜਰਾਤ ਵੱਲ ਚਾਲੇ ਪਾਉਣਗੇ। ‘ਆਪ’ ਸਰਕਾਰ ਵੱਲੋਂ ਨਵੇਂ ਬਣਾਏ ਚੇਅਰਮੈਨ ਗੁਜਰਾਤ ਜਾਣੇ ਸ਼ੁਰੂ ਹੋ ਗਏ ਹਨ।

ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਅਤੇ ‘ਆਪ’ ਦੇ ਸੀਨੀਅਰ ਆਗੂ ਸੰਦੀਪ ਪਾਠਕ ਨੇ ਲੰਘੇ ਕੱਲ੍ਹ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਵਰਚੁਅਲ ਮੀਟਿੰਗ ਕਰਕੇ ਗੁਜਰਾਤ ਚੋਣਾਂ ਵਿਚ ਡਿਊਟੀਆਂ ਦਾ ਪ੍ਰੋਗਰਾਮ ਸਾਂਝਾ ਕੀਤਾ ਸੀ। ਇਸ ਤੋਂ ਪਹਿਲਾਂ ਦੋ ਦਰਜਨ ਦੇ ਕਰੀਬ ਵਿਧਾਇਕ ਗੁਜਰਾਤ ਦਾ ਗੇੜਾ ਕੱਢ ਚੁੱਕੇ ਹਨ। ‘ਆਪ’ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ’ਚ ਵੀ ਹਲਕਾ ਵਾਈਜ਼ ਕੁਝ ਵਿਧਾਇਕਾਂ ਦੀ ਡਿਊਟੀ ਲਗਾਈ ਸੀ, ਪਰ ਹੁਣ ਪਾਰਟੀ ਲਈ ਗੁਜਰਾਤ ਤਰਜੀਹ ਬਣ ਗਿਆ ਹੈ। ਅੱਧੀ ਦਰਜਨ ਨਵੇਂ ਚੇਅਰਮੈਨ ਗੁਜਰਾਤ ਪੁੱਜ ਗਏ ਹਨ। ਪੰਜਾਬ ਦੇ ਵਜ਼ੀਰਾਂ ਨੂੰ 16 ਅਕਤੂਬਰ ਤੋਂ ਗੁਜਰਾਤ ਸੱਦ ਲਿਆ ਗਿਆ ਹੈ। ‘ਆਪ’ ਵੱਲੋਂ ਗੁਜਰਾਤ ਵਿਚ ਪੰਜਾਹ-ਪੰਜਾਹ ਪਿੰਡਾਂ ਦੇ ਕਲੱਸਟਰ ਬਣਾਏ ਗਏ ਹਨ ਅਤੇ ਹਰ ਕਲੱਸਟਰ ਦਾ ਜ਼ਿੰਮਾ ‘ਆਪ’ ਵਿਧਾਇਕ ਤੇ ਵਜ਼ੀਰ ਨੂੰ ਦਿੱਤਾ ਜਾਣਾ ਹੈ। ‘ਆਪ’ ਤਰਫ਼ੋਂ ਸਪਸ਼ਟ ਹਦਾਇਤ ਹੈ ਕਿ ਪੰਜਾਬ ਦੇ ਵਿਧਾਇਕ ਅਤੇ ਵਜ਼ੀਰ ਗੁਜਰਾਤ ’ਚ ਆਪਣੀ ਠਹਿਰ ਦੌਰਾਨ ਸਮੁੱਚਾ ਖਰਚਾ ਪੱਲਿਓਂ ਚੁੱਕਣਗੇ। ਰਿਹਾਇਸ਼ ਤੇ ਗੱਡੀਆਂ ਦਾ ਖ਼ਰਚ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਖ਼ੁਦ ਕਰਨਗੇ ਅਤੇ ਪਾਰਟੀ ਤਰਫ਼ੋਂ ਕੋਈ ਫ਼ੰਡ ਨਹੀਂ ਦਿੱਤਾ ਜਾਵੇਗਾ।

ਗੁਜਰਾਤ ਵਿਚ ਇਹ ਵਿਧਾਇਕ ਅਤੇ ਵਜ਼ੀਰ ਰੋਟੇਸ਼ਨ ਵਿਚ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾ ਗੁਜਰਾਤ ਦੌਰੇ ’ਤੇ ਚਲੇ ਗਏ ਹਨ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦਸੰਬਰ ਵਿਚ ਹੋਣੀਆਂ ਤੈਅ ਹਨ ਅਤੇ ਅਕਤੂਬਰ ਦੇ ਮੱਧ ਵਿਚ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ ’ਚੋਂ ਵੱਡੀ ਗਿਣਤੀ ਵਿਚ ਕਿਸਾਨ ਪਰਿਵਾਰ ਭੁਜ ਖੇਤਰ ਵਿਚ ਲੰਮੇ ਅਰਸੇ ਤੋਂ ਵਸੇ ਹੋਏ ਹਨ। ਇਨ੍ਹਾਂ ਨਾਲ ਹੁਣ ਤੋਂ ਹੀ ‘ਆਪ’ ਵਿਧਾਇਕਾਂ ਤੇ ਵਜ਼ੀਰਾਂ ਨੇ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਿਧਾਇਕਾਂ ਤੇ ਵਜ਼ੀਰਾਂ ਲਈ ਵੱਡੀ ਮੁਸ਼ਕਲ ਹੈ ਕਿ ਉਹ ਪੱਲਿਓਂ ਖਰਚਾ ਕਿਵੇਂ ਚੁੱਕਣਗੇ। ਕਈ ਵਿਧਾਇਕਾਂ ਨੇ ਕਿਹਾ ਕਿ ਤਨਖ਼ਾਹ ਨਾਲ ਪਹਿਲਾਂ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਸੀ ਅਤੇ ਉਪਰੋਂ ਗੁਜਰਾਤ ਦੇ ਗੇੜੇ। ਕੋਈ ਵਿਧਾਇਕ ਪਾਰਟੀ ਨੂੰ ਖੁੱਲ੍ਹ ਕੇ ਕਹਿਣ ਨੂੰ ਤਿਆਰ ਨਹੀਂ ਹੈ। ‘ਆਪ’ ਨੇ ਗੁਜਰਾਤ ਚੋਣਾਂ ਲਈ ਪੰਜਾਬ ’ਚੋਂ ਫ਼ੰਡ ਇਕੱਠਾ ਕਰਨ ਵਾਸਤੇ ਹਾਲੇ ਕੋਈ ਮੁਹਿੰਮ ਨਹੀਂ ਚਲਾਈ ਹੈ। ਤਕਨੀਕੀ ਤੌਰ ’ਤੇ ਵਿਧਾਇਕ ਅਤੇ ਵਜ਼ੀਰ ਪੰਜਾਬ ’ਚੋਂ ਸਰਕਾਰੀ ਗੱਡੀਆਂ ਗੁਜਰਾਤ ਨਹੀਂ ਲਿਜਾ ਸਕਣਗੇ। ਕਿਸੇ ਵਿਧਾਇਕ ਨੇ ਸਰਕਾਰੀ ਗੱਡੀ ਗੁਜਰਾਤ ਵਿਚ ਵਰਤੀ ਤਾਂ ਵਿਰੋਧੀ ਧਿਰਾਂ ਇਸ ਨੂੰ ਮੁੱਦਾ ਬਣਾ ਸਕਦੀਆਂ ਹਨ।

ਖ਼ਰੀਦ ਦੇ ਦਿਨਾਂ ’ਚ ਗ਼ੈਰਹਾਜ਼ਰੀ ਬਣ ਸਕਦੀ ਹੈ ਨਾਰਾਜ਼ਗੀ ਦਾ ਕਾਰਨ

ਪੰਜਾਬ ’ਚ ਜਦੋਂ ਝੋਨੇ ਦੀ ਖ਼ਰੀਦ ਦਾ ਕੰਮ ਜ਼ੋਰਾਂ ’ਤੇ ਹੋਵੇਗਾ ਤਾਂ ਉਦੋਂ ਵਿਧਾਇਕਾਂ ਤੇ ਵਜ਼ੀਰਾਂ ਦੀ ਆਪੋ-ਆਪਣੇ ਹਲਕਿਆਂ ’ਚੋਂ ਗ਼ੈਰਹਾਜ਼ਰੀ ਕਿਸਾਨਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈ। ਉਪਰੋਂ ਐਤਕੀਂ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਵੀ ਪੱਬਾਂ ਭਾਰ ਹੈ। ਅਕਤੂਬਰ ਮਹੀਨਾ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਰਲ ਅਨਿਲ ਚੌਹਾਨ ਨੇ ਨਵੇਂ ਸੀਡੀਐੱਸ ਵਜੋਂ ਚਾਰਜ ਸੰਭਾਲਿਆ
Next articleਜਨਤਾ ਤੱਕ ਪਹੁੰਚਣ ਲਈ ਕੱਢ ਰਹੇ ਹਾਂ ‘ਭਾਰਤ ਜੋੜੋ ਯਾਤਰਾ’: ਰਾਹੁਲ