ਮਿਜ਼ੋਰਮ ਅਸੈਂਬਲੀ ਚੋਣਾਂ ਵਿੱਚ 26 ਸੀਟਾਂ ਨਾਲ ਜ਼ੋਰਦਾਰ ਵਾਪਸੀ ਕਰਦਿਆਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐਫ਼) ਨੇ ਅੱਜ ਦੇਰ ਸ਼ਾਮ ਰਾਜਪਾਲ ਕੇ. ਰਾਜਸ਼ੇਖਰਨ ਨਾਲ ਮੁਲਾਕਾਤ ਕਰਕੇ ਮਿਜ਼ੋਰਮ ਵਿੱਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰ ਦਿੱਤਾ। ਐੱਮਐੱਨਐੱਫ ਦਸ ਸਾਲਾਂ ਤੋਂ ਸੱਤਾ ਤੋਂ ਬਾਹਰ ਸੀ। 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਪੰਜ, ਭਾਜਪਾ ਨੂੰ ਇੱਕ ਜਦੋਂਕਿ ਹੋਰਨਾਂ ਨੂੰ ਅੱਠ ਸੀਟਾਂ ’ਤੇ ਜਿੱਤ ਨਸੀਬ ਹੋਈ। ਇਸ ਤੋਂ ਪਹਿਲਾਂ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਨੇ ਚੋਣ ਨਤੀਜਿਆਂ ਤੋਂ ਫੌਰੀ ਮਗਰੋਂ ਸੱਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਜ਼ੋਰਮਥਾਂਗਾ ਨੂੰ ਆਪਣਾ ਆਗੂ ਚੁਣ ਲਿਆ। ਮੀਟਿੰਗ ਵਿੱਚ ਤਾਅਨਲੁਇਆ ਨੂੰ ਡਿਪਟੀ ਆਗੂ ਜਦੋਂਕਿ ਲਾਲਰੁਆਤਕੀਮਾ ਨੂੰ ਸਕੱਤਰ ਥਾਪਿਆ ਗਿਆ। ਉਧਰ ਮੁੱਖ ਮੰਤਰੀ ਲਾਲ ਥਾਨਾਵਲਾ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਮੁੱਖ ਮੰਤਰੀ ਨੇ ਸਰਚਿਪ ਤੇ ਚੰਪਾਈ ਦੱਖਣੀ ਦੋ ਸੀਟਾਂ ਤੋਂ ਚੋਣ ਲੜੀ ਸੀ ਤੋਂ ਦੋਵੇਂ ਥਾਂ ਉਨ੍ਹਾਂ ਨੂੰ ਸ਼ਿਕਸਤ ਮਿਲੀ।