ਪੇਸ਼ਯੈਂਗੌਨ (ਸਮਾਜ ਵੀਕਲੀ) : ਮੁਲਕ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੌਨ ਵਿੱਚ ਫੌਜੀ ਰਾਜ ਪਲਟੇ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਮੁੜ ਸੜਕਾਂ ’ਤੇ ਆ ਗਏ। ਪ੍ਰਦਰ਼ਸਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ।
ਪ੍ਰਦਰਸ਼ਨਕਾਰੀ ਸ਼ਹਿਰ ਵਿੱਚ ਲੇਦਾਨ ਸੈਂਟਰ ਚੁਰਾਹੇ ’ਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ। ਸੁਤੰਤਰ ‘ਮਿਆਂਮਾਰ ਨਾਓ’ ਖ਼ਬਰ ਏਜੰਸੀ ਮੁਤਾਬਕ ਰਾਜਧਾਨੀ ਨੇਪੀਤਾ ਵਿੱਚ ਅਹੁਦੇ ਤੋਂ ਲਾਂਭੇ ਕੀਤੀ ਗਈ ਮੁਲਕ ਦੀ ਆਗੂ ਆਂਗ ਸਾਨ ਸੂ ਚੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ। ਉਸ ਖ਼ਿਲਾਫ਼ ਕਥਿਤ ਤੌਰ ’ਤੇ ਅਸ਼ਾਂਤੀ ਫੈਲਾਉਣ ਦਾ ਦੋਸ਼ ਆਇਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂ ਚੀ ’ਤੇ ਦੋ ਹੋਰ ਦੋਸ਼ ਵੀ ਹਨ।