ਮਿਆਂਮਾਰ: ਪਾਬੰਦੀਆਂ ਦੇ ਬਾਵਜੂਦ ਪੁਲੀਸ ਅੱਗੇ ਡਟੇ ਲੋਕ

ਯੈਂਗੌਨ (ਸਮਾਜ ਵੀਕਲੀ) : ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਖ਼ਿਲਾਫ਼ ਅੱਜ ਲੋਕ ਮੁੜ ਸੜਕਾਂ ’ਤੇ ਰੋਸ ਪ੍ਰਗਟਾਉਣ ਨਿਕਲੇ। ਮੁਜ਼ਾਹਰਾਕਾਰੀਆਂ ’ਤੇ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਚਿਤਾਵਨੀ ਦਿੰਦਿਆਂ ਹਵਾ ’ਚ ਗੋਲੀਆਂ ਚਲਾਈਆਂ। ਦੱਸਣਯੋਗ ਹੈ ਕਿ ਮਿਆਂਮਾਰ ਵਿਚ ਰੋਸ ਪ੍ਰਦਰਸ਼ਨ ਨੂੰ ਗ਼ੈਰਕਾਨੂੰਨੀ ਐਲਾਨਿਆ ਗਿਆ ਹੈ। ਇਸ ਦੇ ਬਾਵਜੂਦ ਲੋਕ ਰੋਸ ਪ੍ਰਗਟਾਉਣ ਲਈ ਵੱਡੀ ਗਿਣਤੀ ਵਿਚ ਸੜਕਾਂ ’ਤੇ ਨਿਕਲੇ। ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ਵਿਚ ਜਲ ਤੋਪਾਂ ਦੀ ਵਰਤੋਂ ਕਰ ਕੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਦਾ ਯਤਨ ਕੀਤਾ ਗਿਆ।

ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲੀਸ ਨੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜਧਾਨੀ ਨਾਏਪਈਡਾ ਵਿਚ ਵੀ ਭੀੜ ਵੱਲ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਪੁਲੀਸ ਕਰਮੀ ਬੰਦੂਕ ਨਾਲ ਗੋਲੀਆਂ ਚਲਾ ਰਿਹਾ ਹੈ ਤੇ ਕਈ ਲੋਕ ਜ਼ਖ਼ਮੀ ਹੋਏ ਹਨ। ਕੁਝ ਲੋਕਾਂ ਦੀ ਮੌਤ ਦੀ ਅਫ਼ਵਾਹ ਵੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਮੁਜ਼ਾਹਰਾ ਕਰਨ ਵਾਲੇ ਮੁਲਕ ਦੇ ਲੋਕਾਂ ਦਾ ਕਹਿਣਾ ਹੈ ਕਿ ਸੱਤਾ ਚੁਣੀ ਹੋਈ ਸਰਕਾਰ ਨੂੰ ਸੌਂਪੀ ਜਾਵੇ।

ਉਹ ਦੇਸ਼ ਦੀ ਆਗੂ ਆਂਗ ਸਾਂ ਸੂ ਕੀ ਤੇ ਸੱਤਾਧਾਰੀ ਪਾਰਟੀ ਦੇ ਹੋਰਾਂ ਮੈਂਬਰਾਂ ਦੀ ਰਿਹਾਈ ਵੀ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ਕਈ ਆਗੂਆਂ ਨੂੰ ਫ਼ੌਜ ਨੇ ਹਿਰਾਸਤ ਵਿਚ ਲਿਆ ਹੈ ਤੇ ਨਜ਼ਰਬੰਦ ਕੀਤਾ ਹੈ। ਮਿਆਂਮਾਰ ਵਿਚ ਲੋਕਤੰਤਰ ਲਈ ਸੰਘਰਸ਼ ਕਰਨ ਵਾਲਿਆਂ ਦਾ ਇਤਿਹਾਸ ਕਾਫ਼ੀ ਲੰਮਾ ਹੈ। ਸੰਨ 1988 ਤੇ 2007 ਵਿਚ ਵੀ ਲੋਕ ਰੋਹ ਨੂੰ ਦਬਾਉਣ ਦੀ ਕੋਸ਼ਿਸ਼ ਹੋ ਚੁੱਕੀ ਹੈ।

Previous articleਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ ’ਤੇ ਸੈਨੇਟ ਵੱਲੋਂ ਮੋਹਰ, ਛੇ ਰਿਪਬਲਿਕਨ ਮੈਂਬਰਾਂ ਨੇ ਡੈਮੋਕਰੇਟਾਂ ਦਾ ਸਾਥ ਦਿੱਤਾ
Next articleਅਫ਼ਗਾਨਿਸਤਾਨ ’ਚ ਧਮਾਕੇ, 4 ਪੁਲੀਸ ਕਰਮੀਆਂ ਸਣੇ 8 ਮੁਲਾਜ਼ਮ ਹਲਾਕ