ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਐੱਨਸੀਆਰ ਅਤੇ ਐੱਨਪੀਆਰ ਖ਼ਿਲਾਫ਼ ਪੰਜਾਬ ਦੀਆਂ 14 ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇਥੇ ਦਾਣਾ ਮੰਡੀ ’ਚ ਹੋਈ ਸੂਬਾ ਪੱਧਰੀ ਰੋਸ ਰੈਲੀ ’ਚ ਹਜ਼ਾਰਾਂ ਮਰਦਾਂ, ਔਰਤਾਂ, ਕਿਸਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਖੇਤ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਕਾਰਵਾਂ-ਏ-ਮੁਹੱਬਤ ਦੇ ਵੱਖ-ਵੱਖ ਵਫ਼ਦਾਂ ਵੱਲੋਂ ਵੀ ਪ੍ਰਦਰਸ਼ਨ ’ਚ ਸ਼ਿਰਕਤ ਕੀਤੀ ਗਈ। ਬੁਲਾਰਿਆਂ ਨੇ ਆਰਐੱਸਐੱਸ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਵੱਲੋਂ ਦੇਸ਼ ’ਚ ਫ਼ਿਰਕੂ ਵੰਡੀਆਂ ਪਾਉਣ ਤੇ ਅੰਨ੍ਹੇ ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਆਰਐੱਸਐੱਸ ਤੇ ਭਾਜਪਾ ਦੇ ਇਨ੍ਹਾਂ ਮਨਸੂਬਿਆਂ ਦਾ ਡੱਟ ਕੇ ਵਿਰੋਧ ਕਰਨ ਅਤੇ ਉਕਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਵੱਲੋਂ ਫੈਲਾਏ ਜਾ ਰਹੇ ਫ਼ਿਰਕੂ ਜ਼ਹਿਰ ਪਾਸਾਰੇ ਦੇ ਟਾਕਰੇ ਲਈ ਮੁਹਿੰਮ ਜਾਰੀ ਰੱਖਣ ਦਾ ਅਹਿਦ ਕਰਦਿਆਂ 24 ਤੋਂ 29 ਫਰਵਰੀ ਤੱਕ ਪੰਜਾਬ ਭਰ ’ਚ ਵਿਰੋਧ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਸਖ਼ਤ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਸ ਨੇ ਸੂਬੇ ਅੰਦਰ ਐੱਨਪੀਆਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸ ਮੌਕੇ ਜਮਾਤ-ਏ-ਇਸਲਾਮੀ ਹਿੰਦ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਬਦੁੱਲ ਸ਼ਕੂਰ ਨੇ ਕਿਹਾ ਕਿ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਬੁੱਧੀਜੀਵੀ ਹਰਸ਼ ਮੰਦਰ ਨੇ ਕਿਹਾ ਕਿ ਅੱਜ ਲੜਾਈ ਮੁਹੱਬਤ, ਇਨਸਾਨੀਅਤ ਅਤੇ ਬਰਾਬਰੀ ਦੀ ਲੜੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਲੋਕ ਤੇ ਸੂਬਾ ਸਰਕਾਰ ਗੁਰੂ ਨਾਨਕ ਦੇ ਦਿਖਾਏ ਰਾਹ ’ਤੇ ਚੱਲਦਿਆਂ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਸਾਨਾਂ ਵੱਲੋਂ ਸ਼ਾਹੀਨ ਬਾਗ਼ ਦੇ ਸੰਘਰਸ਼ਕਾਰੀਆਂ ਨਾਲ ਦਿਖਾਈ ਇਕਮੁੱਠਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਦੁਬਾਰਾ ਵੰਡ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਮਾਲੇਰਕੋਟਲਾ ਦੀ ਧਰਤੀ ਤੋਂ ਏਕਤਾ ਦੀ ਆਵਾਜ਼ ਉੱਠੀ ਹੈ ਅਤੇ ਇਹ ਇਕੱਠ ਮੁਹੱਬਤ ਅਤੇ ਏਕਤਾ ਦਾ ਪ੍ਰਤੀਕ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਆਪਸੀ ਭਾਈਚਾਰਕ ਏਕਤਾ ਹੀ ਲੜਾਈ ਦੀ ਸਭ ਤੋਂ ਵੱਡੀ ਤਾਕਤ ਹੈ। ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਦਾ ਇਕੱਠ ਸਿਰਫ਼ ਕਾਨੂੰਨ ਦੇ ਖ਼ਿਲਾਫ਼ ਨਹੀਂ ਹੈ ਸਗੋਂ ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਧਰਮਾਂ ਦੇ ਲੋਕਾਂ ਦੀ ਇਕਜੁੱਟਤਾ ਦੀ ਲਹਿਰ ਹੈ ਜਿਸ ਨੇ ਸਾਬਿਤ ਕੀਤਾ ਹੈ ਕਿ ਉਹ ਦੇਸ਼ ਨੂੰ ਧਰਮ ਦੇ ਨਾਮ ’ਤੇ ਵੰਡਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਆਪਸੀ ਸਾਂਝ ਨੇ ਇਹ ਸੁਨੇਹਾ ਵੀ ਦਿੱਤਾ ਕਿ ਪੂਰੀ ਲੜਾਈ ਵਿਚ ਇਸ ਕਾਨੂੰਨ ਦਾ ਫੈਸਲਾ ਨਾ ਸੰਸਦ ’ਚ ਹੋਵੇਗਾ ਅਤੇ ਨਾ ਕਿਸੇ ਉੱਚ ਅਦਾਲਤ ’ਚ ਹੋਵੇਗਾ ਸਗੋਂ ਇਹ ਫ਼ੈਸਲਾ ਲੋਕ ਦਿਲਾਂ ਨੇ ਕਰਨਾ ਹੈ।
ਅੱਜ ਜੱਲਿਆਂਵਾਲਾ ਬਾਗ਼ ਅਤੇ ਸ਼ਾਹੀਨ ਬਾਗ਼ ਦੋਵੇਂ ਇੱਕ ਦੂਜੇ ਨੂੰ ਜੱਫ਼ੀ ਪਾ ਕੇ ਮਿਲ ਰਹੇ ਹਨ। ਉਨ੍ਹਾਂ ਕਿਹਾ,‘‘ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਦੇਸ਼ ਉਨ੍ਹਾਂ ਲੋਕਾਂ, ਸਭਨਾਂ ਧਰਮਾਂ ਅਤੇ ਫ਼ਿਰਕਿਆ ਦਾ ਹੈ ਜਿਨ੍ਹਾਂ ਨੇ ਸਾਂਝੀਵਾਲਤਾ ਵਾਸਤੇ ਆਜ਼ਾਦੀ ਦੇ ਸੰਗਰਾਮ ਵਿਚ ਕੁਰਬਾਨੀਆਂ ਦਿੱਤੀਆਂ ਸਨ। ਸਾਂਝੀਵਾਲਤਾ ਦਾ ਜਿਹੜਾ ਹੋਕਾ ਬਾਬਾ ਬੁੱਲ੍ਹੇ ਸ਼ਾਹ, ਬਾਬੇ ਨਾਨਕ ਅਤੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਦਿੱਤਾ ਸੀ ਉਹੀ ਸਾਂਝੀਵਾਲਤਾ ਦੀ ਆਵਾਜ਼ ਅੱਜ ਮੁੜ ਮਾਲੇਰਕੋਟਲਾ ਦੀ ਧਰਤੀ ’ਤੇ ਗੂੰਜ ਰਹੀ ਹੈ।’’ ਉਨ੍ਹਾਂ ਕਿਹਾ ਕਿ ਮੁਲਕ ਨੂੰ ਫਾਸ਼ੀਵਾਦ ਦੇ ਰੰਗ ਵਿਚ ਰੰਗਣ ਦੇ ਮਨਸੂਬੇ ਲੋਕ ਏਕਤਾ ਅੱਗੇ ਕਦੇ ਵੀ ਸਫ਼ਲ ਨਹੀਂ ਹੋਣਗੇ ਅਤੇ ਮੁੜ ਸੰਨ 1947 ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ‘ਪਾ ਗਲਵੱਕੜੀ ਕਲਮ ਕਲਾਂ ਸੰਗਰਾਮਾਂ ਦੀ, ਇਹਦੇ ਸੀਨੇ ਧਮਕ ਹੈ ਲੋਕ ਤੁਫ਼ਾਨਾਂ ਦੀ’ ਸਤਰ ਉਚਾਰਦਿਆਂ ਕਿਹਾ ਕਿ ਇਹ ਲੋਕਾਂ ਦੀ ਤਾਕਤ ਦਾ ਕਿਲ੍ਹਾ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ‘ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ’ ਆਖ ਰਹੀ ਹੈ।
ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮ ਫ਼ਿਰਕੂ ਮਾਹੌਲ ਬਣਾ ਕੇ ਸੱਤਾ ’ਤੇ ਬਣੇ ਰਹਿਣਾ ਚਾਹੁੰਦੇ ਹਨ। ਬੀਕੇਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਹਕੂਮਤ ਨੇ ਦੇਸ਼ਭਗਤੀ ਦੇ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅਰਥ ਤੇ ਸਬਕ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ, ਗਦਰੀਆਂ, ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਤੋਂ ਸਿੱਖੇ ਜਾਣੇ ਚਾਹੀਦੇ ਹਨ। ਬੀਕੇਯੂ (ਏਕਤਾ ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਮੋਦੀ-ਸ਼ਾਹ ਜੋੜੀ ਦੇਸ਼ ਅੰਦਰ ਹਿਟਲਰਸ਼ਾਹੀ ਲਾਗੂ ਕਰ ਰਹੀ ਹੈ, ਜਿਸ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਸਿਆਸੀ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜੇਕਰ ਸਰਕਾਰ ਲੋਕਾਂ ਦੀ ਸੋਚ ਦੇ ਵਿਰੁੱਧ ਜਾ ਕੇ ਕਾਨੂੰਨ ਬਣਾਏਗੀ ਤਾਂ ਲੋਕ ਇਸ ਨੂੰ ਮਨਜ਼ੂਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਭਰਾਵਾਂ ਨੂੰ ਭਰਾਵਾਂ ਨਾਲ ਲੜਾਇਆ ਨਹੀਂ ਜਾ ਸਕਦਾ ਹੈ।
ਰੈਲੀ ’ਚ ਪੁੱਜੇ ਰਹਿਮਦੀਨ ਦਾ ਕਹਿਣਾ ਸੀ ਕਿ ਅੱਜ ਮਾਲੇਰਕੋਟਲਾ ਦੇ ਹਰ ਪਰਿਵਾਰ ਦਾ ਬੱਚਾ ਘਰ ਨੂੰ ਤਾਲਾ ਲਗਾ ਕੇ ਰੈਲੀ ’ਚ ਪੁੱਜਿਆ ਹੈ ਕਿਉਂਕਿ ਜੇਕਰ ਅਸੀਂ ਇਕਜੁੱਟ ਨਾ ਹੋਏ ਤਾਂ ਘੱਟ ਗਿਣਤੀਆਂ ਦੀ ਹੋਂਦ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਜਿਹਾ ਪੁਤਲਾ ਲੈ ਕੇ ਖੜ੍ਹੇ ਛੇਵੀਂ ਕਲਾਸ ਦੇ ਬੱਚੇ ਰਸ਼ੀਦ ਅਤੇ ਨਵੇਜ਼ ਦਾ ਕਹਿਣਾ ਸੀ ਕਿ ਉਹ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਆਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਮੁੱਢਲੇ ਜਮਹੂਰੀ ਤੇ ਕਾਨੂੰਨੀ ਹੱਕਾਂ ਦਾ ਪੂਰੀ ਤਰ੍ਹਾਂ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਆਪਣੀ ਲੁੱਟ-ਖਸੁੱਟ ਵਿਰੁੱਧ ਸੰਘਰਸ਼ ਨਾ ਕਰ ਸਕਣ। ਇਸ ਮੌਕੇ ਸੀਏਏ ਰੱਦ ਕਰਨ, ਐੱਨਆਰਸੀ ਤੇ ਐੱਨਪੀਆਰ ਦੇ ਕਦਮ ਵਾਪਸ ਲੈਣ, ਲੋਕਾਂ ’ਤੇ ਪਾਏ ਕੇਸ ਰੱਦ ਕਰਨ, ਗ੍ਰਿਫ਼ਤਾਰ ਲੋਕਾਂ ਤੇ ਬੁੱਧੀਜੀਵੀਆਂ ਨੂੰ ਰਿਹਾਅ ਕੀਤੇ ਜਾਣ, ਜੇਐੱਨਯੂ ਤੇ ਜਾਮੀਆ ਯੂਨੀਵਰਸਿਟੀ ਅਤੇ ਹੋਰ ਥਾਵਾਂ ’ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਸ਼ਾਹੀਨ ਬਾਗ਼ ਅਤੇ ਜਾਮੀਆ ਵਿਖੇ ਗੋਲੀ ਚਲਾਉਣ ਵਾਲਿਆਂ, ਔਰਤਾਂ ਦੇ ਗੁਪਤ ਅੰਗਾਂ ’ਤੇ ਠੁੱਢੇ ਮਾਰਨ ਵਾਲੇ ਦੋਸ਼ੀ ਪੁਲੀਸ ਅਧਿਕਾਰੀਆਂ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਨਜ਼ਰਬੰਦੀ ਕੈਂਪ ਖ਼ਤਮ ਕਰਕੇ ਉੱਥੇ ਡੱਕੇ ਲੋਕ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਲੌਂਗੋਵਾਲ ਕਸਬੇ ਵਿੱਚ ਸਕੂਲ ਵੈਨ ਹਾਦਸੇ ਦੌਰਾਨ ਚਾਰ ਬੱਚਿਆਂ ਦੀ ਮੌਤ ਲਈ ਇੱਥੋਂ ਦੇ ਪ੍ਰਬੰਧ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ। ਰੈਲੀ ਦੇ ਪ੍ਰਬੰਧਕਾਂ ਵੱਲੋਂ ਮੰਚ ’ਤੇ ਸਿਰਫ਼ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਬਾਹਰੋਂ ਆਏ ਮਹਿਮਾਨਾਂ ਨੂੰ ਬੈਠਾਉਣ ਦੇ ਫ਼ੈਸਲੇ ਕਾਰਨ ਰੈਲੀ ’ਚ ਸ਼ਾਮਲ ਹੋਣ ਪੁੱਜੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਆਮ ਲੋਕਾਂ ’ਚ ਹੇਠਾਂ ਜ਼ਮੀਨ ’ਤੇ ਹੀ ਬੈਠੇ ਰਹੇ। ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਖੁਸ਼ਹਾਲ ਸਿੰਘ ਚੰਡੀਗੜ੍ਹ ਵੀ ਆਮ ਲੋਕਾਂ ਵਾਂਗ ਹੀ ਰੈਲੀ ’ਚ ਸ਼ਾਮਲ ਹੋਏ।
HOME ਮਾਲੇਰਕੋਟਲਾ ਦੀ ਧਰਤੀ ’ਤੇ ਸਾਂਝੀਵਾਲਤਾ ਦੀ ਗੂੰਜ