(ਸਮਾਜ ਵੀਕਲੀ)
ਕਦੇ ਕਿਸਾਨਾਂ ਕਦੇ ਅੌਰਤਾਂ
ਤਾਈਂ ਬੁਰਕੀ ਪਾ ਦਿੰਨੇਂ ਆਂ ।
ਵੋਟਰਾਂ ਤਾਈਂ ਕੁੱਝ ਸਮੇਂ ਲਈ
ਮੂਰਖ ਅਸੀਂ ਬਣਾ ਦਿੰਨੇਂ ਆਂ ।
ਕਦੇ ਬੁਢਾਪਾ ਵਿਧਵਾ ਪੈਨਸ਼ਨ
ਵਿੱਚ ਮਾਮੂਲੀ ਵਾਧਾ ਕਰ ਕੇ ;
ਸ਼ਗਨ ਸਕੀਮ ਦਾ ਲਾ ਕੇ ਨਾਅਰਾ
ਸਾਈਕਲਾਂ ਨਾਲ਼ ਵਡਿਆ ਦਿੰਨੇਂ ਆਂ ।
ਚਾਰ ਕੁ ਸਾਲਾਂ ਮਗਰੋਂ ਕੁੱਝ ਕੁ
ਵੰਡ ਕੇ ਅਸੀਂ ਮੁਬਾਇਲ ਫੋਨ ਵੀ;
ਟੀ.ਵੀ ਤੇ ਅਖ਼ਬਾਰਾਂ ਦੇ ਵਿੱਚ
ਚਰਚਾ ਵੀ ਕਰਵਾ ਦਿੰਨੇਂ ਆਂ ।
ਜੇ ਪੱਕਾ ਰੋਜ਼ਗਾਰ ਦੇ ਦੀਏ
ਫੇਰ ਇਹ ਸਾਨੂੰ ਕਿਉਂ ਪੁੱਛਣਗੇ;
ਲੋਕ-ਰਾਜ ਦੇ ਮਾਲਕਾਂ ਦੇ ਹੱਥ
ਠੂਠਾ ਅਸੀਂ ਫੜਾ ਦਿੰਨੇਂ ਆਂ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024