ਮਾਲਿਆ ਨੂੰ ਵਿੱਤੀ ਭਗੌੜਾ ਐਲਾਨਿਆ

*  ਵਿਜੈ ਮਾਲਿਆ ’ਤੇ ਹੈ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼
* 2016 ’ਚ ਭਾਰਤ ਛੱਡ ਕੇ ਹੋ ਗਿਆ ਸੀ ਫਰਾਰ
* ਈਡੀ ਤੇ ਸੀਬੀਆਈ ਦੇ ਕੇਸਾਂ ਦਾ ਕਰ ਰਿਹਾ ਹੈ ਸਾਹਮਣਾ
* ਵਿਸ਼ੇਸ਼ ਜੱਜ ਐੱਮਐੱਸ ਆਜ਼ਮੀ ਨੇ ਸੁਣਾਇਆ ਫ਼ੈਸਲਾ

ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੁਝ ਹਫ਼ਤੇ ਪਹਿਲਾਂ ਬਰਤਾਨੀਆ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੇ ਇੱਕ ਹੋਰ ਝਟਕਾ ਦਿੱਤਾ ਹੈ। ਮਾਲਿਆ ਅੱਜ ਅਜਿਹਾ ਪਹਿਲਾ ਕਾਰੋਬਾਰੀ ਬਣ ਗਿਆ ਹੈ ਜਿਸ ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ’ਚ ਲਿਆਂਦਾ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ’ਚ ਅਪੀਲ ਦਾਇਰ ਕੀਤੀ ਸੀ ਕਿ ਵਿਜੈ ਮਾਲਿਆ ਜੋ ਇਸ ਸਮੇਂ ਬਰਤਾਨੀਆ ’ਚ ਰਹਿ ਰਿਹਾ ਹੈ, ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ’ਚ ਲਿਆਂਦਾ ਜਾਵੇ ਤਾਂ ਜੋ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕੇ ਤੇ ਉਸ ਨੂੰ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾ ਸਕੇ। ਵਿਸ਼ੇਸ਼ ਜੱਜ ਐੱਮਐੱਸ ਆਜ਼ਮੀ ਨੇ ਵਿਜੈ ਮਾਲਿਆ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੀ ਧਾਰਾ 12 ਤਹਿਤ ਵਿਜੈ ਮਾਲਿਆ ਨੂੰ ਭਗੌੜਾ ਐਲਾਨ ਦਿੱਤਾ।
ਅਦਾਲਤ ਨੇ ਈਡੀ ਦੀ ਅਪੀਲ ਦੇ ਇੱਕ ਹਿੱਸੇ ’ਤੇ ਹੁਕਮ ਜਾਰੀ ਕੀਤੇ ਹਨ। ਅਪੀਲ ਦੂਜੇ ਹਿੱਸੇ ਜਿਸ ’ਚ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ, ’ਤੇ ਸੁਣਵਾਈ 5 ਫਰਵਰੀ ਨੂੰ ਕੀਤੀ ਜਾਵੇਗੀ। ਮਾਲਿਆ ਦੇ ਵਕੀਲਾਂ ਨੇ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ’ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ ਜਾਵੇ ਤਾਂ ਜੋ ਉਹ ਹੁਕਮਾਂ ਦੀ ਪੂਰੀ ਕਾਪੀ ਹਾਸਲ ਕਰਨ ਮਗਰੋਂ ਹਾਈ ਕੋਰਟ ਜਾ ਸਕਣ। ਪਰ ਅਦਾਲਤ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਕੋਈ ਵੀ ਅਦਾਲਤ ਵਿੱਤੀ ਭਗੌੜਾ ਅਪਰਾਧ ਕਾਨੂੰਨ ਤਹਿਤ ਆਪਣੇ ਹੁਕਮਾਂ ’ਤੇ
ੋਕ ਨਹੀਂ ਲਗਾ ਸਕਦੀ। ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਕੇਸ ’ਚ ਲੋੜੀਂਦੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਨੂੰ ਵੀ ਵਿੱਤੀ ਭਗੌੜੇ ਅਪਰਾਧੀ ਐਲਾਨਣ ਸਬੰਧੀ ਈਡੀ ਦੀ ਅਪੀਲ ’ਤੇ ਸੁਣਵਾਈ ਇਸੇ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਵਾਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਪਿਛਲੇ ਸਾਲ ਅਗਸਤ ਮਹੀਨੇ ਹੋਂਦ ਵਿੱਚ ਆਇਆ ਸੀ। ਇਸ ਕਾਨੂੰਨ ਤਹਿਤ ਕਿਸੇ ਵੀ ਅਜਿਹੇ ਵਿਅਕਤੀ ਨੂੰ ਵਿੱਤੀ ਭਗੌੜਾ ਅਪਰਾਧੀ ਐਲਾਨਿਆ ਜਾ ਸਕਦਾ ਹੈ ਜਿਸ ’ਤੇ 100 ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਘਪਲੇਬਾਜ਼ੀ ਦਾ ਦੋਸ਼ ਹੋਵੇ ਅਤੇ ਉਹ ਰਕਮ ਮੋੜਨ ਤੋਂ ਇਨਕਾਰੀ ਹੋ ਕੇ ਦੇਸ਼ ਛੱਡ ਕੇ ਫਰਾਰ ਹੋ ਜਾਵੇ। ਵਿਜੈ ਮਾਲਿਆ ’ਤੇ ਬੈਂਕਾਂ ਦੇ ਕਰਜ਼ੇ ਨਾ ਭਰਨ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ’ਚ 9000 ਕਰੋੜ ਰੁਪਏ ਦੀ ਘਪਲੇਬਾਜ਼ੀ ਦਾ ਦੋਸ਼ ਹੈ ਤੇ ਉਹ ਈਡੀ ਤੇ ਸੀਬੀਆਈ ਕੋਲ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਮਾਰਚ 2016 ’ਚ ਭਾਰਤ ਛੱਡ ਕੇ ਚਲਾ ਗਿਆ ਸੀ।

Previous articleਮੈਦਾਨਾਂ ਤੇ ਪਹਾੜਾਂ ’ਚ ਠੰਢ ਨੇ ਆਮ ਜੀਵਨ ਲੀਹ ਤੋਂ ਲਾਇਆ
Next articleਸਿੰਜਾਈ ਘੁਟਾਲਾ: ਹਿੱਸਾ ਵੰਡਾਉਣ ਵਾਲੇ ਅਫ਼ਸਰਾਂ ਤੇ ਸਿਆਸਤਦਾਨਾਂ ਬਾਰੇ ਵਿਜੀਲੈਂਸ ਨੇ ਚੁੱਪ ਧਾਰੀ