ਮਾਲਵਾ ਖ਼ਿੱਤੇ ’ਚ ਮੀਂਹ ਨੇ ਇੱਕ ਲੱਖ ਏਕੜ ਰਕਬੇ ’ਚ ਫਸਲ ਝੰਬੀ

ਮਾਲਵਾ ਖ਼ਿੱਤੇ ’ਚ ਮੀਂਹਾਂ ਦੇ ਪਾਣੀ ਨੇ ਕਰੀਬ ਇੱਕ ਲੱਖ ਏਕੜ ਫਸਲ ਝੰਬ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦੇ ਫਿਕਰ ਅਤੇ ਲਾਗਤ ਖ਼ਰਚੇ ਵਧ ਜਾਣੇ ਹਨ। ਸੈਂਕੜੇ ਪਿੰਡਾਂ ਵਿਚ ਮੀਂਹ ਦਾ ਪਾਣੀ ਦੇਹਲੀਆਂ ਟੱਪ ਗਿਆ ਹੈ ਅਤੇ ਖੇਤ ਭਰੇ ਪਏ ਹਨ। ਦੋ ਦਿਨਾਂ ਤੋਂ ਮੀਂਹ ਤਾਂ ਰੁਕਿਆ ਹੈ ਪ੍ਰੰਤੂ ਕਿਸਾਨਾਂ ਦੇ ਸੰਕਟ ਵਧੇ ਹਨ। ਪਹਿਲਾਂ ਸੋਕੇ ਨੇ ਖੇਤ ਸੁੱਕਣੇ ਪਾਏ ਸਨ ਅਤੇ ਹੁਣ ਮੀਂਹ ਨੇ ਤਰਥੱਲੀ ਮਚਾ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਵਿਚ ਕਰੀਬ 30 ਹਜ਼ਾਰ ਏਕੜ ਰਕਬਾ ਪਾਣੀ ’ਚ ਡੁੱਬ ਗਿਆ ਹੈ ਅਤੇ ਕਿਸਾਨ ਪਾਣੀ ਦਾ ਨਿਕਾਸ ਕਰਨ ਵਿਚ ਜੁਟੇ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਕਰੀਬ 16 ਹਜ਼ਾਰ ਏਕੜ ਰਕਬਾ ਨਰਮੇ ਵਾਲਾ ਹੈ। ਗੋਨਿਆਣਾ ਦੇ ਪਿੰਡ ਮਹਿਮਾ ਸਰਜਾ, ਮਹਿਜਾ ਸਰਕਾਰੀ ਅਤੇ ਮਹਿਮਾ ਸਵਾਈ ਵਿਚ ਸਭ ਤੋਂ ਵੱਧ ਸੱਟ ਮੀਂਹ ਦੇ ਪਾਣੀ ਨੇ ਮਾਰੀ ਹੈ। ਪਿੰਡ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਈ ਘਰਾਂ ਨੇ ਤਾਂ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਮਹਿਮਾ ਸਰਜਾ ਵਿਚ ਦਲਿਤ ਬਸਤੀ ਪਾਣੀ ਵਿਚ ਡੁੱਬ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਤੋਂ ਬਿਨਾਂ ਪਿੰਡਾਂ ਵਿਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ। ਸਰਕਾਰੀ ਸਕੂਲ ਦੀਆਂ ਕੰਧਾਂ ਡਿੱਗ ਗਈਆਂ ਹਨ। ਵੇਰਵਿਆਂ ਅਨੁਸਾਰ ਪਿੰਡ ਤਿਉਣਾ ਅਤੇ ਬਾਹੋ ਸਿਵੀਆ ਵਿਚ ਵੀ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਤਿਉਣਾ ਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀ ਮੋਟਰਾਂ ਵੀ ਪਾਣੀ ਦੀ ਮਾਰ ਨਹੀਂ ਝੱਲ ਸਕੀਆਂ। ਪਿੰਡ ਨਰੂਆਣਾ ਦੇ ਕਿਸਾਨਾਂ ਨੇ ਮੁੱਖ ਸੜਕ ਤੋੜ ਕੇ ਖੇਤਾਂ ’ਚੋਂ ਪਾਣੀ ਦਾ ਨਿਕਾਸ ਕਰਨਾ ਸ਼ੁਰੂ ਕੀਤਾ ਹੈ। ਪਿੰਡ ਦਿਉਣ, ਬੁਲਾਡੇਵਾਲਾ ਅਤੇ ਬੱਲੂਆਣਾ ਵਿਚ ਵੀ ਨੁਕਸਾਨ ਹੋਇਆ ਹੈ। ਪਿੰਡ ਦਿਉਣ ਦੇ ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਕਿਧਰੇ ਨਿਕਾਸ ਨਹੀਂ ਹੋ ਰਿਹਾ ਹੈ ਅਤੇ ਢਾਣੀਆਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਨੇ ਅੱਜ ਮਹਿਮਾ ਸਰਕਾਰੀ ਸਮੇਤ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਹੈ। ਜ਼ਿਲ੍ਹਾ ਖੇਤੀਬਾੜੀ ਅਫਸਰ ਬਠਿੰਡਾ ਗੁਰਾਦਿੱਤਾ ਸਿੰਘ ਦਾ ਕਹਿਣਾ ਸੀ ਕਿ ਕੱਲ੍ਹ ਤੱਕ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਫਸਲਾਂ ਲਈ ਨੁਕਸਾਨਦਾਇਕ ਹੈ। ਮਾਨਸਾ ਜ਼ਿਲ੍ਹੇ ਵਿਚ ਵੀ ਕਰੀਬ 40 ਹਜ਼ਾਰ ਏੇਕੜ ਰਕਬੇ ਵਿਚ ਪਾਣੀ ਭਰ ਗਿਆ ਹੈ। ਜ਼ਿਲ੍ਹੇ ਦੇ ਪਿੰਡ ਖੀਵਾ ਖੁਰਦ ਵਿਚ 400 ਏਕੜ, ਭੈਣੀ ਬਾਘਾ ਵਿਚ 400 ਏਕੜ, ਕੋਟਧਰਮੂ ਵਿਚ 100 ਏਕੜ, ਅਲੀਸ਼ੇਰ ਕਲਾਂ ਤੇ ਖੁਰਦ ਵਿਚ 200 ਏਕੜ ਫ਼ਸਲ ਨੁਕਸਾਨੀ ਗਈ ਹੈ। ਜ਼ਿਲ੍ਹਾ ਖੇਤੀਬਾੜੀ ਅਫਸਰ ਮਾਨਸਾ ਗੁਰਮੇਲ ਸਿੰਘ ਨੇ ਦੱਸਿਆ ਕਿ ਬੁਢਲਾਡਾ, ਮਾਨਸਾ ਤੇ ਭੀਖੀ ਦੇ ਪਿੰਡਾਂ ਵਿਚ ਝੋਨੇ ਦੇ ਖੇਤਾਂ ਵਿਚ ਪਾਣੀ ਖੜ੍ਹਿਆ ਅਤੇ ਕਰੀਬ 16 ਹਜ਼ਾਰ ਹੈਕਟੇਅਰ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਵੇਰਵਿਆਂ ਅਨੁਸਾਰ ਮੁਕਤਸਰ ਦੇ ਸੇਮ ਪ੍ਰਭਾਵਿਤ ਇਲਾਕਿਆਂ ਨੂੰ ਸਭ ਤੋਂ ਵੱਧ ਮਾਰ ਪਈ ਹੈ। ਮੁਕਤਸਰ ਜ਼ਿਲ੍ਹੇ ਵਿਚ ਪਹਿਲੇ ਦਿਨ 172 ਐੱਮ.ਐੱਮ ਅਤੇ ਦੂਸਰੇ ਦਿਨ 76 ਐੱਮ.ਐੱਮ ਵਰਖਾ ਹੋਈ ਹੈ। ਇਸ ਜ਼ਿਲ੍ਹੇ ਵਿਚ 22 ਹਜ਼ਾਰ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ, ਜਿਸ ’ਚੋਂ ਚਾਰ ਹਜ਼ਾਰ ਏਕੜ ਫਸਲ ਇਕੱਲੀ ਨਰਮੇ ਦੀ ਹੈ। ਜ਼ਿਲ੍ਹਾ ਖੇਤੀਬਾੜੀ ਅਫਸਰ ਮੁਕਤਸਰ ਬਲਜਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਹੈ ਅਤੇ ਪਾਣੀ ਦਾ ਨਿਕਾਸ ਹੁਣ ਹੋਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੌਰੀ ਗਿਰਦਵਾਰੀ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਨੁਕਸਾਨੀ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ।

Previous articleਮੂਨਕ ਨੇੜੇ ਘੱਗਰ ’ਚ ਪਿਆ 70 ਫੁੱਟ ਚੌੜਾ ਪਾੜ
Next articleਪਾਕਿਸਤਾਨ ਜਾਧਵ ਨੂੰ ਫੌਰੀ ਰਿਹਾਅ ਕਰੇ: ਜੈਸ਼ੰਕਰ