ਮਾਰ ਸਾਡੇ ਪਿੰਡ ਗੇੜਾ

(ਸਮਾਜ ਵੀਕਲੀ)

ਦਿਲ ਤੋੜ੍ਹਨ ਲੱਗਿਆ ਵੇ, ਵੈਰੀਆ ਭੋਰਾ ਤਰਸ ਨਾ ਆਇਆ,
ਪਾ ਪ੍ਰੀਤ ਤੂੰ ਝੂਠੀ ਵੇ, ਜ਼ਾਲਮਾਂ ਕਿੱਡਾ ਕਹਿਰ ਕਮਾਇਆ,
ਲੁੱਟ ਲੈ ਗਿਆ ਹਾਸੇ ਵੇ, ਵੈਰੀਆ ਦੇ ਗਿਆ ਦਰਦ ਵਿਛੋੜਾ,
ਕਿਉਂ ਭੁੱਲ ਗਿਆ ਰਾਹਾਂ ਵੇ, ਸੋਹਣਿਆ,ਮਾਰ ਸਾਡੇ ਪਿੰਡ ਗੇੜਾ,

ਕਰ ਯਾਦ ਉਹ ਵੇਲਾ ਵੇ, ਜਦੋਂ ਸੀ ਭੁੱਲ ਨੈਣਾਂ ਨੇ ਕੀਤੀ,
ਸੌਦਾ ਸੀ ਰੂਹਾਂ ਦਾ,ਤੂੰ ਕਿਉਂ ਗੱਲ ਜਿਸਮਾਂ ਦੀ ਕੀਤੀ,
ਦੱਸ ਕਿਹੜੀ ਗੱਲੋਂ ਵੇ ਚੰਦਰਿਆ ਡੋਲ ਗਿਆ ਮਨ ਤੇਰਾ,
ਕਿਉਂ ਭੁੱਲ ਗਿਆ ਰਾਹਾਂ ਵੇ, ਸੋਹਣਿਆ ਮਾਰ ਸਾਡੇ ਪਿੰਡ ਗੇੜਾ

ਤੇਰੀ ਯਾਦ ‘ਚ ਰੋ-ਰੋ ਕੇ,ਵੇ ਨੈਣੋਂ ਹੰਝੂ ਨੇ ਮੁੱਕ ਚੱਲੇ,
ਅੱਖਾਂ ਲਾਉਣ ਵੇਲੇ ਦੋ ਸੀ, ਰਹਿਗੇ ਵਿੱਚ ਜੁਦਾਈਆਂ ਕੱਲੇ,
ਹੁਣ ਕੱਲਮਕੱਲੇ ਵੇ, ਵੈਰੀਆ ਸਹਿ ਲਿਆ ਦੁੱਖ ਬਥੇਰਾ,
ਕਿਉਂ ਭੁੱਲ ਗਿਆ ਰਾਹਾਂ ਵੇ ਸੋਹਣਿਆ ਮਾਰ ਸਾਡੇ ਪਿੰਡ ਗੇੜਾ,

ਦਿਲ ਲਾਉਣ ਤੋਂ ਪਹਿਲਾਂ ਵੇ, ਬੜਾ ਮੈਨੂੰ ਸਖ਼ੀਆਂ ਨੇ ਸਮਝਾਇਆ,
ਪੰਛੀ ਪਰਦੇਸੀ ਨਾਲ਼, ਚੰਗਾ ਨਹੀਂ ਬਹੁਤਾ ਪਿਆਰ ਜਤਾਇਆ,
ਇਹ ਮਿੱਤ ਕਿਸੇ ਦੇ ਨਾ , ਲੁੱਟ ਕੇ ਲੈ ਜਾਣ ਮੌਜ਼ ਬਹਾਰਾਂ,
ਕਿਉਂ ਭੁੱਲ ਗਿਆ ਰਾਹਾਂ ਵੇ ਸੋਹਣਿਆ ਮਾਰ ਸਾਡੇ ਪਿੰਡ ਗੇੜਾ,

ਕਿਉਂ ਭੁੱਲ ਰਣਬੀਰ ਗਿਆ,ਵੇ ਤੂੰ ਮੇਰੀ ਸੂਰਤ ਪਿਆਰੀ,
ਮੈਂ ਤਾਂ ਚੇਤੇ ਕਰ ਕਰ ਕੇ ਧਾਲੀਵਾਲ, ਪ੍ਰਿੰਸ ਤੈਨੂੰ ਵੇ ਹਾਰੀ,
ਕਿਉਂ ਬਣ ਨਿਰਮੋਹਾ ਵੇ,ਡੋਬ ਗਿਆ ਸਾਡਾ ਸੁਰਖ਼ ਸਵੇਰਾ,
ਕਿਉਂ ਭੁੱਲ ਗਿਆ ਰਾਹਾਂ ਵੇ ਸੋਹਣਿਆ ਮਾਰ ਸਾਡੇ ਪਿੰਡ ਗੇੜਾ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ /ਆਫ਼ਿਸਰ ਕਾਲੋਨੀ ਸੰਗਰੂਰ
9872299613

Previous article“ਭਾਰਤੀ ਲੋਕ ,ਅੰਧਵਿਸ਼ਵਾਸ ਅਤੇ ਇਸ ਤੋਂ ਮੁਕਤੀ”
Next articleਗੀਤ