ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤੀ ਹਵਾਈ ਸੈਨਾ ਵੱਲੋਂ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਵਿਚਲੇ ਬਾਲਾਕੋਟ ਕੈਂਪ ’ਤੇ ਕੀਤੇ ਹਵਾਈ ਹਮਲੇ ਵਿਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਅੱਜ ਨਹੀਂ ਤਾਂ ਭਲਕੇ ਪਤਾ ਲੱਗ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਕੌਮੀ ਤਕਨੀਕੀ ਖੋਜ ਸੰਸਥਾ (ਐੱਨਟੀਆਰਓ) ਨੇ ਭਾਰਤੀ ਹਵਾਈ ਹਮਲੇ ਤੋਂ ਪਹਿਲਾਂ ਸਬੰਧਿਤ ਸਥਾਨ ’ਤੇ 300 ਦੇ ਕਰੀਬ ਮੋਬਾਈਲ ਫੋਨ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਕਿ ਉਸ ਸਮੇਂ ਚੱਲ ਰਹੇ ਸਨ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਮਾਮਲੇ ’ਤੇ ਸਿਆਸਤ ਕਰਨ ’ਤੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜੇ ਕਾਂਗਰਸੀ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਕਰਨਾ ਚਾਹੁੰਦੇ ਹਨ ਤਾਂ ਉਹ ਪਾਕਿਸਤਾਨ ਚਲੇ ਜਾਣ ਤੇ ਉੱਥੇ ਜਾ ਕੇ ਲਾਸ਼ਾਂ ਦੀ ਗਿਣਤੀ ਕਰ ਲੈਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਪੁੱਛ ਰਹੇ ਹਨ। ਅੱਜ ਨਹੀਂ ਤਾਂ ਭਲਕੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਆਗੂ ਜਾਣਦੇ ਹਨ ਕਿ ਇਸ ਹਮਲੇ ਵਿਚ ਕਿੰਨੇ ਅਤਿਵਾਦੀ ਮਾਰੇ ਗਏ ਹਨ। ਸ੍ਰੀ ਸਿੰਘ ਫ਼ੌਜ ਦੇ ਸਰਹੱਦੀ ਪ੍ਰਾਜੈਕਟ ਦੇ ਉਦਘਾਟਨ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਨਵੀਂ ਦਿੱਲੀ: ਇਸੇ ਦੌਰਾਨ ਕਾਂਗਰਸ ਵਲੋਂ ਬਾਲਾਕੋਟ ਹਵਾਈ ਹਮਲੇ ਬਾਰੇ ਭਾਜਪਾ ’ਤੇ ‘ਝੂਠਾ ਪ੍ਰਾਪੇਗੰਡਾ’ ਫੈਲਾਉਣ ਦੇ ਦੋਸ਼ ਲਾਏ ਜਾਣ ਮਗਰੋਂ ਅੱਜ ਮਨੁੱਖੀ ਸਰੋਤ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵਿਰੋਧੀ ਧਿਰ ’ਤੇ ਭਾਰਤੀ ਸੈਨਾ ਦੇ ਦਾਅਵਿਆਂ ਨੂੰ ਰੱਦ ਕਰਨ ਅਤੇ ਉਨ੍ਹਾਂ ਦੀ ਸਮਰੱਥਾ ’ਤੇ ਸਵਾਲ ਚੁੱਕਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ, ‘‘ਮੈਨੂੰ ਸਮਝ ਨਹੀਂ ਆ ਰਹੀ ਕਿ ਕਾਂਗਰਸ ਨੂੰ ਹੋ ਕੀ ਗਿਆ ਹੈ। ਉਹ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਵਿਰੁਧ ਬੋਲ ਰਹੇ ਹਨ। ਉਹ ਸੈਨਾ ਵਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਮਰੱਥਾ ’ਤੇ ਸਵਾਲ ਚੁੱਕ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਜਿਹਾ ਕਿਸੇ ਲੋਕਤੰਤਰ ਵਿਚ ਨਹੀਂ ਹੁੰਦਾ ਹੈ ਕਿ ਸੈਨਾ ’ਤੇ ਭਰੋਸਾ ਨਾ ਕੀਤਾ ਜਾਵੇ। ਕੇਵਲ ਕਾਂਗਰਸ ਹੀ ਅਜਿਹਾ ਪਾਪ ਕਰ ਸਕਦੀ ਹੈ।’’
INDIA ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਛੇਤੀ ਪਤਾ ਲੱਗ ਜਾਵੇਗੀ: ਰਾਜਨਾਥ