ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਅਹੁਦੇਦਾਰਾਂ ਦੀ ਤਾਜਪੋਸ਼ੀ

ਚਮਕੌਰ ਸਾਹਿਬ- ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਕਰਨੈਲ ਸਿੰਘ ਬਜ਼ੀਦਪੁਰ ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋੋਵੇਂ ਅਹੁਦੇਦਾਰਾਂ ਨੂੰ ਕੁਰਸੀ ’ਤੇ ਬਿਠਾਇਆ ਤੇ ਮੂੰਹ ਮਿੱਠਾ ਕਰਵਾਉਂਦਿਆਂ ਵਧਾਈਆਂ ਦਿੱਤੀਆਂ। ਸ੍ਰੀ ਚੰਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਚਮਕੌਰ ਸਾਹਿਬ ਦੇ ਵਿਕਾਸ ਲਈ ਯਤਨਸ਼ੀਲ ਹੈ ਤੇ 20 ਜਨਵਰੀ ਨੂੰ ਮੋਰਿੰਡਾ ਵਿਚ ਬੱਸ ਸਟੈਂਡ ਨੇੜੇ ਰੇਲਵੇ ਫਾਟਕ ’ਤੇ ਅੰਡਰਬਰਿੱਜ ਬਣਾਉਣ ਸਬੰਧੀ ਭੂਮੀ ਪੂਜਨ ਕੀਤਾ ਜਾਵੇਗਾ, ਜਿਸ ਵਿਚ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵੀ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਰਿੰਡਾ-ਚਮਕੌਰ ਸਾਹਿਬ-ਬੇਲਾ ਤੋਂ ਪਿੰਡ ਪਨਿਆਲੀ ਤੱਕ ਬਣਨ ਵਾਲੇ ਹਾਈਵੇਅ ਲਈ ਕੇਂਦਰ ਦੇ ਬਣੇ ਅੜਿੱਕੇ ਕਾਰਨ ਹੀ ਇਸ ਪ੍ਰਾਜੈਕਟ ਵਿੱਚ ਦੇਰੀ ਹੋ ਰਹੀ ਹੈ, ਉਦੋਂ ਤੱਕ ਮੋਰਿੰਡਾ ਤੋਂ ਚਮਕੌਰ ਸਾਹਿਬ ਤੇ ਬੇਲਾ ਤੱਕ ਸੜਕ ਨੂੰ ਦੋਵੇਂ ਪਾਸਿਓਂ 5-5 ਫੁੱਟ ਚੋੜਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਲਦੀ ਟੈਂਡਰ ਮੰਗੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਮਕੌਰ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਵਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸ੍ਰੀ ਚੰਨੀ ਨੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਕਿਹਾ ਕਿ ਉਹ ਸਮੂਹ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਆਪਣੇ ਅਧੀਨ ਆਉਂਦੇ ਕਾਰਜ ਇਮਾਨਦਾਰੀ ਨਾਲ ਕਰਨ। ਚੇਅਰਮੈਨ ਤੇ ਵਾਇਸ ਚੇਅਰਮੈਨ ਵੱਡੀ ਗਿਣਤੀ ਵਿੱਚ ਪੁੱਜੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹ ਸਮੁੱਚੇ ਕਾਰਜਾਂ ਵਿੱਚ ਪਾਰਦਰਸ਼ਤਾ ਰੱਖਣਗੇ ਅਤੇ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।

Previous article88 ਡੇਅਰੀ ਯੂਨਿਟਾਂ ਲਈ 2.25 ਕਰੋੜ ਦੇ ਕਰਜ਼ੇ ਦਿੱਤੇ: ਡੀਸੀ
Next articleਭਾਜਪਾ ਵਰਕਰਾਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ