ਪੁਲੀਸ ਥਾਣਾ ਸਲੇਮ ਟਾਬਰੀ ਦੇ ਇਲਾਕੇ ਅਮਨ ਨਗਰ ਵਿੱਚ ਦੋ ਸਾਬਕਾ ਪੁਲੀਸ ਮੁਲਾਜ਼ਮਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਮਗਾਰਡ ਦੇ ਇੱਕ ਸਾਬਕਾ ਇੰਸਪੈਕਟਰ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਅੱਜ ਸ਼ਾਮ ਸਮੇਂ ਸਾਬਕਾ ਹੈੱਡ ਕਾਂਸਟੇਬਲ ਪ੍ਰਿਤਪਾਲ ਸਿੰਘ ਆਪਣੀ ਕਾਰ ਬੈਕ ਕਰ ਰਿਹਾ ਸੀ ਕਿ ਇਸ ਦੌਰਾਨ ਕਾਰ ਉਸਦੇ ਗੁਆਂਢੀ ਸਾਬਕਾ ਇੰਸਪੈਕਟਰ ਹੋਮਗਾਰਡ ਲਾਲ ਧਾਨੀ ਦੀ ਥੜ੍ਹੀ ਉੱਤੇ ਚੜ੍ਹ ਗਈ ਜਿਸ ਨਾਲ ਇਹ ਟੁੱਟ ਗਈ। ਇਸ ਦੌਰਾਨ ਲਾਲ ਧਾਨੀ ਤੇ ਪ੍ਰਿਤਪਾਲ ਸਿੰਘ ਦੀ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਦੋਵਾਂ ਵਲੋਂ ਇੱਕ ਦੂਜੇ ਦੀ ਕੁੱਟਮਾਰ ਦੌਰਾਨ ਲਾਲ ਧਨੀ ਦੇ ਗੁੱਝੀਆਂ ਸੱਟਾਂ ਲੱਗੀਆਂ ਅਤੇ ਉਹ ਹੇਠਾਂ ਡਿੱਗ ਪਿਆ ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਥਾਣਾ ਸਲੇਮ ਟਾਬਰੀ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਤੁਰੰਤ ਪੁਲੀਸ ਫੋਰਸ ਲੈਕੇ ਅਮਨ ਨਗਰ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਲਾਲ ਧਾਨੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਿਤਪਾਲ ਸਿੰਘ ਘਟਨਾ ਤੋਂ ਤੁਰੰਤ ਬਾਅਦ ਫ਼ਰਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਲ ਧਾਨੀ ਬੀਤੇ ਸ਼ੁੱਕਰਵਾਰ ਹੀ ਆਪਣੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਜਦਕਿ ਹੈੱਡ ਕਾਂਸਟੇਬਲ ਪਿ੍ਤਪਾਲ ਸਿੰਘ ਪਿਛਲੇ ਸਮੇਂ ਦੌਰਾਨ ਹੋਈ ਸੇਵਾਮੁਕਤੀ ਤੋਂ ਬਾਅਦ ਇੱਕ ਬੈਂਕ ਵਿੱਚ ਗਾਰਡ ਦੀ ਨੌਕਰੀ ਕਰ ਰਿਹਾ ਸੀ।
INDIA ਮਾਮੂਲੀ ਗੱਲੋਂ ਝਗੜੇ ’ਚ ਸਾਬਕਾ ਇੰਸਪੈਕਟਰ ਦੀ ਮੌਤ