ਨੂਰਮਹਿਲ – (ਹਰਜਿੰਦਰ ਛਾਬੜਾ) ਮੈਨਹੋਲ ਕਾਰਣ ਹਾਦਸੇ ਹੋਣੇ ਕੋਈ ਨਵੀਂ ਗੱਲ ਨਹੀਂ ਹੈ। ਲੱਖਾਂ ਰੁਪਏ ਸਰਕਾਰੀ ਤਨਖਾਹਾਂ ਲੈਣ ਵਾਲੇ ਸਰਕਾਰੀ ਅਧਿਕਾਰੀਆਂ ਦੀਆਂ ਇਹੋ ਜਿਹੀਆਂ ਲਾਪਰਵਾਹੀਆਂ ਕਰਨ ਦੀਆਂ ਖ਼ਬਰਾਂ ਨਿੱਤ ਅਖਵਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਪਤਾ ਨਹੀਂ ਕਿੰਨੇ ਰਾਹਗੀਰ ਚਾਹੇ ਉਹ ਇਨਸਾਨ ਹੋਣ ਜਾਂ ਪਸ਼ੂ, ਜੋ ਇਹਨਾਂ ਮੈਨਹੋਲ ਵਿੱਚ ਡਿੱਗ ਕੇ ਆਪਣੇ ਸੱਟਾਂ ਲਗਵਾ ਚੁਕੇ ਹਨ ਜਾਂ ਫਿਰ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਪਰ ਬੜੀ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਇਹੋ ਜਿਹੀਆਂ ਨਿੱਤ ਹੋਣ ਵਾਲੀਆਂ ਘਟਨਾਵਾਂ ਦੇ ਬਾਵਜੂਦ ਕਿਸੇ ਵੀ ਉੱਚ ਅਧਿਕਾਰੀਆਂ ਨੇ ਕਿਸੇ ਵੀ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਯੋਗੇਸ਼ ਬਿੱਟੂ, ਰਵਿੰਦਰ ਭਾਰਦਵਾਜ, ਰਾਜੀਵ ਮਿਸਰ, ਪੰਡਿਤ ਨੱਥੂ ਰਾਮ, ਜੰਗ ਬਹਾਦਰ ਕੋਹਲੀ ਅਤੇ ਹੋਰ ਪਤਵੰਤਿਆਂ ਨੇ ਗਊ ਮਾਤਾ ਦੇ ਮੈਨਹੋਲ ਵਿੱਚ ਧੱਸ ਹੋ ਜਾਣ ਤੇ ਕੀਤਾ । ਨੂਰਮਹਿਲ-ਫਿਲੌਰ ਦੀ ਮੇਨ ਰੋਡ ਤੇ ਸ਼ਾਹੀ ਕਿਲਾ ਪੈਲੇਸ ਅਤੇ ਐਕਸਿਸ ਬੈਂਕ ਦੇ ਬਿਲਕੁਲ ਕੋਲ ਇੱਕ ਗਊ ਮਾਤਾ ਮੈਨਹੋਲ ਵਿੱਚ ਪਤਾ ਨਹੀਂ ਕਦੋਂ ਅਤੇ ਕਿੰਝ ਧੱਸ ਗਈ?
ਮਿਲੀ ਸੂਚਨਾ ਮੁਤਾਬਕ ਇਹ ਮੈਨਹੋਲ ਲਗਭਗ ਇੱਕ ਸਾਲ ਤੋਂ ਬਿਨਾਂ ਢੱਕਣ ਤੋਂ ਇੰਝ ਹੀ ਨੰਗਾ ਪਿਆ ਹੋਇਆ ਸੀ ਕਿ ਇੱਕ ਭਾਰੀ, ਬੇਸਹਾਰਾ, ਬੇਜੁਬਾਨ ਗਊ ਮਾਤਾ ਪਤਾ ਨਹੀਂ ਕਿੰਨੀ ਮੁਸ਼ਕਿਲ ਨਾਲ ਡਿਗਦੀ ਢਹਿੰਦੀ ਹੋਈ ਇਸ ਨੰਗੇ ਪਏ ਮੈਨਹੋਲ ਵਿੱਚ ਧੱਸ ਗਈ ? ਜਿਸਦੀ ਸੂਚਨਾ ਮਿਲਦੇ ਹੀ ਨੂਰਮਹਿਲ ਦੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਮੌਕਾ ਪਰ ਪਹੁੰਚੇ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਜੇ.ਸੀ.ਬੀ ਮਸ਼ੀਨ ਦੀ ਵਰਤੋਂ ਕਰਕੇ ਗਊ ਮਾਤਾ ਦੀ ਜਾਨ ਨੂੰ ਬਚਾਇਆ। ਗਊ ਮਾਤਾ ਦੀ ਸਕਿਨ ਨੂੰ ਦੇਖਕੇ ਪਤਾ ਲਗਦਾ ਸੀ ਕਿ ਗਊ ਮਾਤਾ ਕਾਫੀ ਦਿਨਾਂ ਤੋਂ ਇਸ ਮੈਨਹੋਲ ਵਿੱਚ ਫੱਸੀ ਹੋਈ ਹੋਵੇਗੀ। ਗਊ ਸੇਵਾ ਦਲ ਨੂਰਮਹਿਲ, ਨਵੀਂ ਸੋਚ ਵੈਲਫੇਅਰ ਸੁਸਾਇਟੀ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਨੰਬਰਦਾਰ ਯੂਨੀਅਨ, ਰਾਮ ਲੀਲਾ ਕਮੇਟੀ ਦੇ ਸੇਵਾਦਾਰਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਤੋਂ ਮੰਗ ਕੀਤੀ ਹੈ ਕਿ ਮੈਨਹੋਲ ਨੂੰ ਨੰਗਾ ਛੱਡਣ ਵਾਲੇ ਲਾਪਰਵਾਹ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂਕਿ ਅੱਗੇ ਤੋਂ ਕੋਈ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸਤੋਂ ਇਲਾਵਾ ਨੂਰਮਹਿਲ ਵਿੱਚ ਉੱਚੇ-ਨੀਵੇਂ ਅਤੇ ਨੰਗੇ ਮੈਨਹੋਲ ਵਾਲੀਆਂ ਹੌਂਦੀਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਇਆ ਜਾਵੇ।