ਮਾਨਸਾ– ਘਰੇਲੂ ਜ਼ਮੀਨੀ ਝਗੜੇ ਕਾਰਨ ਮਾਪਿਆਂ ਵੱਲੋਂ ਬਣਦੀ ਜ਼ਮੀਨ ਨਾ ਦੇਣ ਤੋਂ ਪ੍ਰੇਸ਼ਾਨ ਪਿੰਡ ਗੁਰਨੇ ਕਲਾਂ ਦੇ ਅਮਰੀਕ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਅੱਜ ਬਾਅਦ ਦੁਪਹਿਰ ਜ਼ਹਿਰੀਲਾ ਪਦਾਰਥ ਖਾਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਉਸ ਦੇ ਮੂੰਹ ਵਿਚੋਂ ਜ਼ਹਿਰੀਲੇ ਪਦਾਰਥ ਨੂੰ ਕੱਢਕੇ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ। ਡਾਕਟਰਾਂ ਵੱਲੋਂ ਉਸ ਦੀ ਹਾਲਤ ਬਿਲਕੁਲ ਠੀਕ ਦੱਸੀ ਜਾਂਦੀ ਹੈ। ਅਮਰੀਕ ਸਿੰਘ ਵੱਲੋਂ ਜ਼ਹਿਰ ਨਿਗਲਣ ਵਾਲੀ ਇਸ ਘਟਨਾ ਨਾਲ ਪ੍ਰਬੰਧਕੀ ਕੰਪਲੈਕਸ ਵਿੱਚ ਹੰਗਾਮਾ ਹੋ ਗਿਆ।ਪਤਾ ਲੱਗਿਆ ਹੈ ਕਿ ਇਸ ਵਿਅਕਤੀ ਦਾ ਘਰੇਲੂ ਜ਼ਮੀਨੀ ਵੰਡ ਕਾਰਨ ਪਰਿਵਾਰ ਨਾਲ ਝਗੜਾ ਹੈ। ਉਸ ਵੱਲੋਂ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਨੂੰ ਕਈ ਅਰਜ਼ੀਆਂ ਦੇਣ ਦੇ ਬਾਵਜੂਦ ਜਦੋਂ ਉਸ ਨੂੰ ਜ਼ਮੀਨ ਹਾਸਲ ਨਾ ਹੋਈ ਤਾਂ ਉਸ ਵੱਲੋਂ ਅਜਿਹਾ ਕੀਤਾ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਜਦੋਂ ਉਸ ਨੇ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਨੂੰ ਦੱਸਕੇ ਜ਼ਹਿਰ ਨਿਗਲ ਲਈ ਤਾਂ ਮੁਲਾਜ਼ਮਾਂ ਨੇ ਤੁਰੰਤ ਉਸ ਦੇ ਮੂੰਹ ਵਿਚੋਂ ਜ਼ਹਿਰੀਲਾ ਪਦਾਰਥ ਕੱਢਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।ਉਸ ਨੇ ਹਸਪਤਾਲ ਵਿੱਚ ਹੋਸ਼ ਆਉਣ ਤੋਂ ਬਾਅਦ ਦੱਸਿਆ ਕਿ ਘਰੇਲੂ ਜ਼ਮੀਨੀ ਝਗੜੇ ਕਾਰਨ ਉਸ ਦੇ ਸਕੇ-ਸਬੰਧੀ ਉਸ ਦੇ ਪਿਤਾ ਦੇ ਹਿੱਸੇ ਵਿਚੋਂ ਆਉਂਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ।