ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪ੍ਰਧਾਨ ਵਜੋਂ ਮੁੜ ਪੰਜਾਬ ਦੀ ਕਮਾਨ ਸੌਂਪ ਦਿੱਤੀ ਹੈ। ‘ਆਪ’ ਦੀ ਪੰਜਾਬ ਇਕਾਈ ਦੀ ਕੋਰ ਕਮੇਟੀ ਦੀ ਲੰਘੇ ਦਿਨ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਸ੍ਰੀ ਮਾਨ ਦਾ ਅਸਤੀਫਾ ਅਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀ ਕਮਾਨ ਮੁੜ ਸੌਂਪਣ ਦੀ ਹਾਈਕਮਾਂਡ ਨੂੰ ਸਿਫਾਰਸ਼ ਕੀਤੀ ਗਈ ਸੀ। ਸ੍ਰੀ ਮਾਨ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਭਲਕੇ 30 ਜਨਵਰੀ ਨੂੰ ਹੋਵੇਗੀ ਤੇ ਸਮਾਗਮ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਣਗੇ। ਸ੍ਰੀ ਮਾਨ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਮਾਮਲੇ ਵਿੱਚ ਸੂਬੇ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗੇ ਜਾਣ ਦੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਵੇਲੇ ਵਿਧਾਇਕ ਅਮਨ ਅਰੋੜਾ ਨੇ ਵੀ ਰੋਸ ਵਜੋਂ ਸਹਿ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਸੌਂਪ ਦਿੱਤਾ ਸੀ। ਇਸ ਦੌਰਾਨ ਪਾਰਟੀ ਦੀ ਪੰਜਾਬ ਇਕਾਈ ਵਿੱਚ ਘੜਮੱਸ ਪੈ ਗਿਆ ਤੇ ਉਦੋਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਤਾਂ ਹਾਈਕਮਾਂਡ ਨਾਲੋਂ ਪੰਜਾਬ ਇਕਾਈ ਦਾ ਨਾਤਾ ਤੋੜਨ ਤਕ ਦਾ ਯਤਨ ਕੀਤਾ, ਪਰ ਸ੍ਰੀ ਮਾਨ ਅਸਤੀਫਾ ਦੇ ਕੇ ਖਾਮੋਸ਼ ਹੋ ਗਏ।