ਮੁੰਬਈ (ਸਮਾਜ ਵੀਕਲੀ) : ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਪਣੇ ਬਲਾਗ ’ਤੇ ਇਕਾਂਤਵਾਸ ਹੰਢਾਅ ਰਹੇ ਕਰੋਨਾ ਪੀੜਤਾਂ ਦੇ ਮਾਨਸਿਕ ਹਾਲਾਤ ਬਾਰੇ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ 77 ਸਾਲਾ ਅਮਿਤਾਭ ਬੱਚਨ ਤੇ ਉਨ੍ਹਾਂ ਦਾ ਪੁੱਤਰ ਅਭਿਸ਼ੇਕ ਬੱਚਨ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਲੰਘੀ 11 ਜੁਲਾਈ ਤੋਂ ਇੱਥੋਂ ਦੇ ਨਾਨਾਵਤੀ ਹਸਪਤਾਲ ’ਚ ਦਾਖਲ ਹਨ।
ਅਮਿਤਾਭ ਨੇ ਆਪਣੇ ਬਲਾਗ ’ਤੇ ਲਿਖਿਆ, ‘ਇਕਾਂਤਵਾਸ ਹੰਢਾਉਣ ਵਾਲੇ ਮਰੀਜ਼ ਦਾ ਹੋਰ ਮਨੁੱਖਾਂ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਕੋਵਿਡ-19 ਦੀ ਬਿਮਾਰੀ ਉਸ ਦੇ ਦਿਮਾਗ ’ਤੇ ਹਾਵੀ ਹੁੰਦੀ ਰਹਿੰਦੀ ਹੈ।’
ਉਨ੍ਹਾਂ ਲਿਖਿਆ, ‘ਹਸਪਤਾਲ ’ਚ ਇਕਾਂਤਵਾਸ ਕੀਤੇ ਗਏ ਮਰੀਜ਼ ਦੀ ਮਾਨਸਿਕਤਾ ਖਰਾਬ ਹੋਣ ਲੱਗ ਜਾਂਦੀ ਹੈ ਕਿਉਂਕਿ ਉਹ ਲੰਮਾ ਸਮਾਂ ਹੋਰ ਲੋਕਾਂ ਦੇ ਸੰਪਰਕ ’ਚ ਨਹੀਂ ਰਹਿੰਦਾ। ਮਰੀਜ਼ ਕੋਲ ਨਰਸਾਂ ਤੇ ਡਾਕਟਰ ਆਉਂਦੇ ਹਨ ਤੇ ਦਵਾਈ ਵੀ ਦਿੰਦੇ ਹਨ ਪਰ ਊਹ ਹਮੇਸ਼ਾ ਪੀਪੀਈ ਕਿੱਟਾਂ ’ਚ ਹੀ ਹੁੰਦੇ ਹਨ।’
ਉਨ੍ਹਾਂ ਲਿਖਿਆ ਕਿ ਇਸ ਦੌਰਾਨ ਹੋਰਨਾਂ ਨਾਲ ਆਨਲਾਈਨ ਸੰਪਰਕ ਹੀ ਹੁੰਦਾ ਹੈ ਜੋ ਅਜਿਹੇ ਹਾਲਾਤ ’ਚ ਪੂਰੀ ਤਰ੍ਹਾਂ ਠੀਕ ਹੈ ਪਰ ਫਿਰ ਵੀ ਇਹ ਮਨੁੱਖ ਨਾਲ ਸਿੱਧਾ ਸੰਪਰਕ ਨਹੀਂ ਹੈ।