ਇਲਾਕੇ ਵਿੱਚ ਕੱਲ੍ਹ ਪਏ ਮੀਂਹ ਤੋਂ ਬਾਅਦ ਹੋਈ ਠੰਢ ਨੇ ਇਸ ਖੇਤਰ ’ਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਭਰਵੇਂ ਮੀਂਹ ਤੋਂ ਬਾਅਦ ਰੁਕ-ਰੁਕ ਕੇ ਪੈਂਦੀਆਂ ਰਹੀਆਂ ਕਣੀਆਂ ਨੇ ਕਈ ਦਿਨਾਂ ਤੋਂ ਤਪਦੀ ਧਰਤੀ ਨੂੰ ਠਾਰ ਦਿੱਤਾ ਹੈ। ਇਸ ਮੀਂਹ ਨੇ ਦੂਰ ਤੱਕ ਪ੍ਰਕਿਰਤੀ ਨੂੰ ਧੋ-ਨਿਖਾਰ ਦਿੱਤਾ ਹੈ। ਖੇਤਾਂ ਵਿੱਚ ਝੋਨੇ ਤੇ ਨਰਮੇ ਸਣੇ ਹੋਰ ਫ਼ਸਲਾਂ ’ਤੇ ਜੰਮੀ ਧੂੜ ਨੂੰ ਮੀਂਹ ਦੇ ਪਾਣੀ ਨੇ ਲਾਹ ਸੁੱਟਿਆ ਹੈ। ਦਰੱਖ਼ਤਾਂ ਨਾਲ ਚਿੰਬੜੀ ਮਿੱਟੀ ਧੋਪ ਜਾਣ ਨਾਲ ਉਹ ਹੁਣ ਟੌਅਰਾਂ ’ਚ ਖੜ੍ਹੇ ਦਿਖਾਈ ਦੇਣ ਲੱਗੇ ਹਨ। ਮੀਂਹ ਨੇ ਪੂਰੇ ਅਸਮਾਨ ਨੂੰ ਸਾਫ਼-ਸੁਥਰਾ ਬਣਾ ਦਿੱਤਾ ਹੈ। ਕਿਸਾਨਾਂ ਨੇ ਅੱਜ ਸਾਰਾ ਦਿਨ ਮੋਟਰਾਂ ਬੰਦ ਕਰਕੇ ਪਿਛੇਤਾ ਝੋਨਾ ਤੇ ਅਗੇਤੀ ਬਾਸਮਤੀ ਨੂੰ ਲਾਉਣਾ ਜਾਰੀ ਰੱਖਿਆ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਤਾਜ਼ਾ ਪੈ ਰਹੀ ਇਹ ਵਰਖਾ ਸਾਉਣੀ ਦੀਆਂ ਫ਼ਸਲਾਂ ਨੂੰ ਦੇਸੀ ਘਿਓ ਵਾਂਗ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਨਰਮੇ ਤੇ ਝੋਨੇ ਦੇ ਪੱਤੇ ਮੀਂਹ ਦੇ ਨਿਰਮਲ ਜਲ ਨਾਲ ਧੋਤੇ ਨਹੀਂ ਜਾਂਦੇ, ਉਨਾਂ ਚਿਰ ਤੱਕ ਫ਼ਸਲਾਂ ਦਾ ਫੁਟਾਰ ਨਹੀਂ ਹੁੰਦਾ। ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਬੋਰਾਂ ਦੇ ਪਾਣੀ ਨਾਲ ਥੋਥੀ ਕੀਤੀ ਪਈ ਮਾਨਸਾ ਇਲਾਕੇ ਦੀ ਧਰਤੀ ਵਾਲੀ ਸਾਰੀ ਵਿਓ ਇਹ ਮੀਂਹ ਨੇ ਮਾਂਜ ਧਰਨੀ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ’ਚ ਅਨੇਕਾਂ ਕਿਸਮ ਦੇ ਅਜਿਹੇ ਤੱਤ ਹੁੰਦੇ ਹਨ, ਜੋ ਫ਼ਸਲਾਂ ਦੀ ਭਰਪੂਰ ਝਾੜ ਲਈ ਅਖੀਰ ਤੱਕ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਹਫਤੇ ਤੋਂ ਸਮੁੱਚੀ ਮਾਲਵਾ ਪੱਟੀ ’ਚ ਇਕੱਠਾ ਮੀਂਹ ਨਾ ਪੈਣ ਕਾਰਨ ਫ਼ਸਲਾਂ ਮਰੀ-ਮਰੀ ਹਾਲਤ ’ਚ ਖੜ੍ਹੀਆਂ ਸਨ, ਪਰ ਇਸ ਪੂਰੇ ਖੇਤਰ ਵਿਚ ਪਏ ਮੀਂਹ ਨੇ ਝੋਨਾ, ਨਰਮਾ, ਦਾਲਾਂ, ਪਸ਼ੂਆਂ ਦਾ ਹਰਾ-ਚਾਰਾ, ਬਾਗਵਾਨੀ ਸਮੇਤ ਸਭ ਨੂੰ ਤੰਦਰੁਸਤੀ ਵਾਲੇ ਪਾਸੇ ਮੋੜ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ’ਚ ਬਰਾਨੀ ਰਕਬੇ ਵਿਚ ਕਿਸਾਨਾਂ ਵੱਲੋਂ ਬੀਜਿਆ ਗੁਆਰਾ, ਬਾਜਰਾ, ਮੁੰਗਫਲੀ, ਤਿਲਾਂ ਲਈ ਇਹ ਮੀਂਹ ਲਾਹੇਵੰਦ ਹੈ।
Sports ਮਾਨਸਾ ਇਲਾਕੇ ਵਿੱਚ ਮੀਂਹ ਨੇ ਲਾਈਆਂ ਛਹਿਬਰਾਂ