ਮਾਧੋਪੁਰ : ਜੰਮੂ ਕਸ਼ਮੀਰ ਤੋਂ ਪੰਜਾਬ ‘ਚ ਹਥਿਆਰ ਤੇ ਨਸ਼ਾ ਲਿਆਉਣ ਵਾਲੇ ਅਪਰਾਧੀਆਂ ‘ਤੇ ਹੁਣ ਸ਼ਿਕੰਜਾ ਕੱਸਣ ‘ਚ ਦੇਰ ਨਹੀਂ ਲੱਗੇਗੀ। ਪਠਾਨਕੋਟ ਦੇ ਮਾਧੋਪੁਰ ਇੰਟਰਸਟੇਟ ਨਾਕੇ ‘ਤੇ 38 ਲੱਖ ਰੁਪਏ ਦੀ ਲਾਗਤ ਨਾਲ ਥ੍ਰੀਡੀ ਸਕੈਨਰ ਲਗਾਇਆ ਗਿਆ ਹੈ, ਜੋਕਿ ਕਿਸੇ ਬੈਗ, ਸੂਟਕੇਸ ਜਾਂ ਫਿਰ ਹੋਰ ਸਾਮਾਨ ‘ਚ ਰੱਖੇ ਹਥਿਆਰ ਤੇ ਨਸ਼ਾ ਫੜ ਲਵੇਗਾ। ਸ਼ੁੱਕਰਵਾਰ ਨੂੰ ਸਕੈਨਰ ਦਾ ਉਦਘਾਟਨ ਆਈਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਨੇ ਕੀਤਾ।
ਆਈਜੀ ਪਰਮਾਰ ਨੇ ਦੱਸਿਆ ਕਿ ਮਾਧੋਪੁਰ ਨਾਕੇ ‘ਤੇ ਰੋਜ਼ਾਨਾ ਹਜ਼ਾਰਾਂ ਵਾਹਨ ਗੁਜ਼ਰਦੇ ਹਨ। ਪਹਿਲਾਂ ਜੰਮੂ-ਕਸ਼ਮੀਰ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਦੀ ਪੁਲਿਸ ਸਾਧਾਰਨ ਤਰੀਕੇ ਨਾਲ ਜਾਂਚ ਕਰਦੀ ਸੀ। ਇਸ ਨਾਲ ਕਈ ਅਪਰਾਧੀ ਬੈਗ ਜਾਂ ਹੋਰ ਸਾਮਾਨ ‘ਚ ਹਥਿਆਰ ਤੇ ਨਸ਼ਾ ਲੈ ਕੇ ਨਿਕਲ ਜਾਂਦੇ ਸਨ। ਜੰਮੂ ਕਸ਼ਮੀਰ ਨਾਲ ਲਗਦਾ ਹੋਣ ਕਾਰਨ ਪਠਾਨਕੋਟ ‘ਚ ਅੱਤਵਾਦੀ ਸਰਗਰਮੀਆਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਿਲੰਗ ਦੀ ਸੰਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਥ੍ਰੀਡੀ ਸਕੈਨਰ ਪੁਲਿਸ ਲਈ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਇਹ ਪਹਿਲਾ ਥ੍ਰੀਡੀ ਸਕੈਨਰ ਹੈ। ਸਕੈਨਰ ਲੱਗਣ ਨਾਲ ਜ਼ਿਲ੍ਹੇ ਦੀ ਸੀਮਾ ਸੁਰੱਖਿਆ ਹੋਰ ਵੀ ਮਜ਼ਬੂੁਤ ਹੋਵੇਗੀ। ਇਸ ਦੌਰਾਨ ਐੱਸਐੱਸਪੀ ਦੀਪਕ ਹਿਲੋਰੀ, ਐੱਸਪੀ ਮਨੋਜ ਠਾਕੁਰ, ਐੱਸਪੀ ਵਿਰਕ, ਹੇਮਪੁਸ਼ਪ ਸ਼ਰਮਾ, ਡੀਐੱਸਪੀ ਸੁਖਜਿੰਦਰ ਸਿੰਘ, ਸੁਲੱਖਣ ਸਿੰਘ, ਰਾਜਿੰਦਰ ਮਿਨਹਾਸ ਤੇ ਐੱਸਐੱਚਓ ਅਸ਼ਵਨੀ ਕੁਮਾਰ ਵੀ ਮੌਜੂਦ ਸਨ।
ਇੱਥੋਂ ਰੋਜ਼ਾਨਾ ਗੁਜ਼ਰਦੇ ਹਨ 20 ਹਜ਼ਾਰ ਵਾਹਨ
ਮਾਧੋਪੁਰ ਨਾਕੇ ਤੋਂ ਰੋਜ਼ਾਨਾ ਕਰੀਬ 20 ਹਜ਼ਾਰ ਵਾਹਨ ਗੁਜ਼ਰਦੇ ਹਨ। ਇਨ੍ਹਾਂ ‘ਚੋਂ ਲਗਪਗ 10 ਤੋਂ 11 ਹਜ਼ਾਰ ਵਾਹਨ ਜੰਮੂ ਵੱਲੋਂ ਆਉਂਦੇ ਹਨ। ਏਨੇ ਵਾਹਨ ਆਉਣ ‘ਤੇ ਪੁਲਿਸ ਮੁਲਾਜ਼ਮਾਂ ਲਈ ਸਾਧਾਰਨ ਤਰੀਕੇ ਨਾਲ ਜਾਂਚ ਕਰਨਾ ਸੰਭਵ ਨਹੀਂ ਹੋ ਪਾਉਂਦਾ ਸੀ।
ਥ੍ਰੀਡੀ ਤਕਨੀਕ ਨਾਲ ਹੋਵੇਗੀ ਸਕੈਨਿੰਗ
ਪੁਲਿਸ ਮੁਲਾਜ਼ਮ ਬੈਗ, ਟਰੰਕ ਜਾਂ ਪਲਾਸਟਿਕ ਆਦਿ ਕਿਸੇ ਵੀ ਵਸਤੂ ‘ਚ ਪੈਕ ਸਾਮਾਨ ਨੂੰ ਸੈਂਟਰ ਦੀ ਖਿੜਕੀ ‘ਚ ਰੱਖਣਗੇ। ਸਕੈਨਰ ਦੀਆਂ ਥ੍ਰੀਡੀ ਕਿਰਨਾਂ ਉਸ ਨੂੰ ਸਕੈਨ ਕਰਨਗੀਆਂ ਤੇ ਸਾਮਾਨ ਦੀ ਤਸਵੀਰ ਕੰਪਿਊਟਰ ਸਕਰੀਨ ‘ਤੇ ਦਿਸੇਗੀ। ਇਸ ਨਾਲ ਪਤਾ ਲੱਗੇਗਾ ਕਿ ਬੈਗ ‘ਚ ਕੀ ਹੈ। ਇਸ ਪ੍ਰਕਿਰਿਆ ‘ਚ ਦੋ ਤੋਂ ਪੰਜ ਮਿੰਟ ਲੱਗਣਗੇ। ਇਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਬੈਗ ‘ਚ ਲੁਕਾਇਆ ਸ਼ੱਕੀ ਸਾਮਾਨ ਫੜਨ ‘ਚ ਆਸਾਨੀ ਹੋਵੇਗੀ।