(ਸਮਾਜ ਵੀਕਲੀ)
ਮਾਤਾ – ਪਿਤਾ ਆਪਣੇ ਬੱਚਿਆਂ ਦੀ ਭਲਾਈ ਲਈ ਅਨੇਕਾਂ ਉਪਰਾਲੇ ਕਰਦੇ ਹਨ। ਉਨ੍ਹਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਜੀਵਨ ਵਿੱਚ ਖੁਸ਼ ਰਹਿਣ , ਕਾਮਯਾਬ ਹੋਣ ਤੇ ਉਨ੍ਹਾਂ ਨੂੰ ਜੀਵਨ ਵਿੱਚ ਹਰ ਮੁਕਾਮ ‘ਤੇ ਸਹੀ ਸਮਾਯੋਜਨ ਕਰਨਾ ਆ ਜਾਵੇ।ਇਸ ਸਭ ਦੇ ਲਈ ਕਈ ਵਾਰ ਭਾਰੀ – ਭਰਕਮ ਖ਼ਰਚਾ ਵੀ ਕਰਦੇ ਹਨ। ਮਾਤਾ – ਪਿਤਾ ਆਪਣੇ ਬੱਚੇ ਦਾ ਕਦੇ ਵੀ ਮਾੜਾ ਨਹੀਂ ਚਾਹੁੰਦੇ। ਜੋ ਕਿ ਬਹੁਤ ਸਹੀ ਹੈ।
ਮਾਤਾ – ਪਿਤਾ ਦੇ ਧਿਆਨ ਵਿੱਚ ਅੱਜ ਇੱਕ ਅਹਿਮ , ਪਰ ਛੋਟੀ ਜਿਹੀ ਲੱਗਣ ਵਾਲੀ ਗੱਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹ ਹੈ : ਬੱਚੇ ਨੂੰ ਉਮਰ ਦੇ ਪੱਧਰ ਅਨੁਸਾਰ ਚੰਗੇ ਸਾਹਿਤ ਤੇ ਚੰਗੀਆਂ ਪ੍ਰੇਰਣਾਦਾਇਕ ਨੈਤਿਕਤਾ ਭਰਪੂਰ ਪੁਸਤਕਾਂ ਨਾਲ ਜੋੜਨਾ। ਜੇਕਰ ਅਸੀਂ ਬੱਚੇ ਨੂੰ ਉਸ ਦੀ ਪੜ੍ਹਾਈ ਤੋਂ ਇਲਾਵਾ ਹੋਰ ਪੁਸਤਕਾਂ ਪੜ੍ਹਨ ਦੀ ਆਦਤ ਪਾ ਦੇਵਾਂਗੇ ਤਾਂ ਬਹੁਤ ਹੀ ਸੁਭਾਵਿਕ ਹੈ ਕਿ ਬੱਚਾ ਜੀਵਨ ਵਿੱਚ ਤਾਂ ਸਹੀ ਤੇ ਗੁਣਵੱਤਾ ਭਰਪੂਰ ਸਮਾਯੋਜਨ ਕਰ ਸਕੇਗਾ ਹੀ , ਸਗੋਂ ਨਾਲ ਹੀ ਮਾਤਾ – ਪਿਤਾ ਪ੍ਰਤੀ ਵੀ ਆਗਿਆਕਾਰ ਰਹੇਗਾ।
ਕਿਤਾਬ ਇਨਸਾਨ ਵਿੱਚ ਕੋਮਲ ਭਾਵਨਾਵਾਂ ਪੈਦਾ ਕਰਦੀ ਹੈ , ਕੋਮਲ ਭਾਵਨਾਵਾਂ ਨੈਤਿਕਤਾ ਨੂੰ ਜਨਮ ਦਿੰਦੀਆਂ ਹਨ ਤੇ ਨੈਤਿਕਤਾ ਨਾਲ਼ ਇਨਸਾਨੀਅਤ ਦੇ ਰੂਹਾਨੀ ਗੁਣ ਪੈਦਾ ਹੁੰਦੇ ਹਨ। ਇਸ ਤੋਂ ਇਲਾਵਾ ਸਾਨੂੰ ਆਪਣੇ ਬੱਚੇ ਦੀ ਹਰ ਗੱਲ , ਇੱਛਾ , ਰੁਚੀ ਅਤੇ ਵਿਚਾਰ ‘ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਚਾਹੀਦਾ ਹੈ। ਜਦੋਂ ਸਾਡੇ ਬੱਚਿਆਂ ਅੰਦਰ ਸਾਹਿਤ ਦੀ ਚੇਟਕ ਲੱਗ ਜਾਂਦੀ ਹੈ ਤਾਂ ਉਹ ਮਾਨਵ ਹਿਰਦੇ ਦੀਆਂ ਭਾਵਨਾਵਾਂ , ਸਿੱਖਿਆਵਾਂ , ਘਟਨਾਵਾਂ ਤੇ ਤਜਰਬਿਆਂ ਤੋਂ ਵੀ ਜਾਣੂੰ ਹੋ ਜਾਂਦੇ ਹਨ।
ਦੁਨੀਆਂ ਵਿੱਚ ਜਿੰਨੇ ਵੀ ਮਹਾਂਪੁਰਖ ਹੋਏ ਹਨ , ਉਹ ਜੀਵਨ ਭਰ ਚੰਗੇ ਸਾਹਿਤ , ਚੰਗੀਆਂ ਪੁਸਤਕਾਂ ਤੇ ਪ੍ਰੇਰਣਾਦਾਇਕ ਪੁਸਤਕਾਂ ਨਾਲ ਜੁੜੇ ਰਹੇ। ਮਾਤਾ – ਪਿਤਾ ਨੂੰ ਇਹ ਅਹਿਮ ਸੁਝਾਓ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਚੰਗੇ ਸਾਹਿਤ ਜ਼ਰੂਰ ਉਪਲੱਬਧ ਕਰਾਓ ਤੇ ਆਪਣੇ ਬੱਚਿਆਂ ਦਾ ਅਤੇ ਆਪਣਾ ਭਵਿੱਖ ਖ਼ੁਸ਼ਹਾਲ ਬਣਾਓ ; ਕਿਉਂਕਿ :
” ਕਿਤਾਬ ਹੈ ਤਾਂ ਪੂਰੇ ਸਭ ਖ਼ੁਆਬ ਹੈ। ”
ਲੇਖਕ ਮਾਸਟਰ ਸੰਜੀਵ ਧਰਮਾਣੀ.
ਸ੍ਰੀ ਅਨੰਦਪੁਰ ਸਾਹਿਬ .
9478561356.