ਪਿੰਡ ਸਿਕੰਦਰਪੁਰ ਵਿਚ ਕਿਸਾਨ ਗਮਦੂਰ ਸਿੰਘ ਦੇ ਨੌਕਰ ਜਸਵੀਰ ਸਿੰਘ ਬੱਬੂ (35) ਦੇ ਅੰਨ੍ਹੇ ਕਤਲ ਦੀ ਗੁੱਥੀ ਮਾਛੀਵਾੜਾ ਪੁਲੀਸ ਨੇ ਕੁਝ ਹੀ ਦਿਨਾਂ ’ਚ ਸੁਲਝਾ ਦਿੱਤੀ ਹੈ ਅਤੇ ਇਸ ਨੂੰ ਮਾਰਨ ਵਾਲਾ ਬਿਹਾਰੀ ਮਜ਼ਦੂਰ ਹੀ ਨਿਕਲਿਆ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਧਰੁਵ ਦਹੀਆ ਨੇ ਮੀਡੀਆ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਕੇਸ ਨੂੰ ਸੁਲਝਾਉਣ ਲਈ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਪੀਡੀ ਜਸਵੀਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਬਣਾਈ, ਜਿਸ ’ਚ ਡੀਐੱਸਪੀ ਸਮਰਾਲਾ ਹਰਸਿਮਰਤ ਸਿੰਘ ਛੇਤਰਾ, ਡੀਐੱਸਪੀ ਜਗਵਿੰਦਰ ਸਿੰਘ ਚੀਮਾ, ਇੰਸਪੈਕਟਰ ਬਲਜਿੰਦਰ ਸਿੰਘ ਤੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਮਾਮਲੇ ਨੂੰ ਸੁਲਝਾਉਂਦਿਆਂ ਸੁਮਨ ਸ਼ਾਹ ਵਾਸੀ ਪਿੰਡ ਪੱਪਰਾਂ ਜ਼ਿਲ੍ਹਾ ਸੀਤਾਮੜੀ (ਬਿਹਾਰ) ਹਾਲ ਵਾਸੀ ਰਾਜੇਵਾਲ-ਰਾਜਪੂਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਜਸਵੀਰ ਸਿੰਘ ਆਪਣੇ ਮਾਲਕ ਕਿਸਾਨ ਗਮਦੂਰ ਸਿੰਘ ਦੇ ਫਾਰਮ ਹਾਊਸ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਦੇਖ-ਰੇਖ ਕਰਦਾ ਸੀ ਅਤੇ ਸੁਮਨ ਸ਼ਾਹ ਵੀ ਖੇਤਾਂ ’ਚ ਕਦੇ-ਕਦੇ ਦਿਹਾੜੀ ’ਤੇ ਕੰਮ ਕਰਨ ਆ ਜਾਂਦਾ ਸੀ। 31 ਦਸੰਬਰ 2018 ਨੂੰ ਵੀ ਸੁਮਨ ਸ਼ਾਹ ਖੇਤਾਂ ’ਚ ਲੱਗੇ ਮਟਰ ਤੋੜਨ ਲਈ ਮਜ਼ਦੂਰੀ ਕਰਨ ਆਇਆ ਸੀ ਅਤੇ ਉਸੇ ਦਿਨ ਸ਼ਾਮ ਨੂੰ ਉਹ ਘਰ ਵਾਪਸ ਚਲਾ ਗਿਆ। ਦੇਰ ਸ਼ਾਮ ਜਸਵੀਰ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਸੁਮਨ ਸ਼ਾਹ ਦੇ ਘਰ ਗਿਆ ਜਿੱਥੇ ਦੋਵਾਂ ਨੇ ਸ਼ਰਾਬ ਪੀਤੀ। ਜਸਵੀਰ ਸਿੰਘ ਕਾਫ਼ੀ ਜ਼ਿਆਦਾ ਨਸ਼ੇ ਦੀ ਹਾਲਤ ’ਚ ਹੋ ਗਿਆ ਜਿਸ ’ਤੇ ਪਰਵਾਸੀ ਮਜ਼ਦੂਰ ਸੁਮਨ ਸ਼ਾਹ ਰਾਤ ਨੂੰ ਕਰੀਬ 10.30 ਵਜੇ ਉਸ ਨੂੰ ਮੋਟਰਸਾਈਕਲ ’ਤੇ ਸਿਕੰਦਰਪੁਰ ਫਾਰਮ ਹਾਊਸ ’ਤੇ ਛੱਡਣ ਲਈ ਆ ਗਿਆ। ਇੱਥੇ ਦੋਵਾਂ ਵਿਚ ਫਿਰ ਤਕਰਾਰਬਾਜ਼ੀ ਹੋਈ ਅਤੇ ਜਸਵੀਰ ਸਿੰਘ ਨੇ ਸੁਮਨ ਸ਼ਾਹ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਸ਼ਰਾਬੀ ਹਾਲਤ ’ਚ ਜਸਵੀਰ ਸਿੰਘ ਤੋਂ ਖਹਿੜਾ ਛੁਡਾਉਣ ਲਈ ਸੁਮਨ ਸ਼ਾਹ ਪੈਦਲ ਹੀ ਆਪਣੇ ਘਰ ਵੱਲ ਜਾਣ ਲੱਗਾ ਤਾਂ ਪਿੱਛੋਂ ਮੋਟਰਸਾਈਕਲ ’ਤੇ ਆ ਕੇ ਉਸ ਨਾਲ ਜਸਵੀਰ ਸਿੰਘ ਨੇ ਹੱਥੋਪਾਈ ਕੀਤੀ। ਇਹ ਦੋਵੇਂ ਸੜਕ ਕਿਨਾਰੇ ਬਣੇ ਹਾਦਸੇ ਵਾਲੀ ਥਾਂ ਪਾਣੀ ਵਾਲੇ ਚੁਬੱਚੇ ਕੋਲ ਪਹੁੰਚ ਗਏ ਜਿੱਥੇ ਸੁਮਨ ਸ਼ਾਹ ਨੇ ਜਸਵੀਰ ਸਿੰਘ ਨੂੰ ਸ਼ਰਾਬੀ ਹਾਲਤ ’ਚ ਧੱਕਾ ਮਾਰ ਕੇ ਬਾਅਦ ਵਿਚ ਪਾਣੀ ਵਾਲੇ ਚੁਬੱਚੇ ’ਚ ਸੁੱਟ ਦਿੱਤਾ ਅਤੇ ਸ਼ਰਾਬੀ ਹਾਲਤ ਵਿਚ ਉਹ ਬਾਹਰ ਨਾ ਨਿਕਲ ਸਕਿਆ ਤੇ ਉਸ ਦੀ ਮੌਤ ਹੋ ਗਈ।