ਰਾਮ ਮੰਦਰ ਦੇ ਨਿਰਮਾਣ ਦੀ ਰੂਪਰੇਖਾ ਇਸ ਮਾਘ ਮੇਲੇ ‘ਚ ਤੈਅ ਹੋ ਜਾਵੇਗੀ। ਇਸ ਲਈ ਤਿਆਰੀ ਚੱਲ ਰਹੀ ਹੈ। ਮਾਘ ਮੇਲੇ ‘ਚ ਲੱਗੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਕੈਂਪ ‘ਚ 20 ਜਨਵਰੀ ਨੂੰ ਕੇਂਦਰੀ ਮਾਰਗ ਦਰਸ਼ਨ ਮੰਡਲ ਦੀ ਬੈਠਕ ਹੋਵੇਗੀ। ਉਸ ‘ਚ ਰਾਮ ਮੰਦਰ ਬਣਾਉਣ ਦੀ ਤਰੀਕ ਅਤੇ ਟਰੱਸਟ ਨਾਲ ਜੁੜੇ ਮਾਮਲੇ ‘ਤੇ ਫ਼ੈਸਲਾ ਹੋਵੇਗਾ। ਉਸ ਬੈਠਕ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਦੇਸ਼ ਭਰ ਦੇ ਸੰਤ ਮਹਾਤਮਾ ਸ਼ਾਮਲ ਹੋ ਸਕਦੇ ਹਨ। ਮੰਥਨ ਤੋਂ ਬਾਅਦ ਅਗਲੇ ਦਿਨ ਇਸ ਦਾ ਐਲਾਨ ਹੋਵੇਗਾ। ਮਾਘ ਮੇਲਾ ਖੇਤਰ ‘ਚ ਵਿਹਿਪ ਦੇ ਕੈਂਪ ‘ਚ ਅਯੁੱਧਿਆ ਦੇ ਰਾਮ ਮੰਦਰ ਦਾ ਮਾਡਲ ਰੱਖਿਆ ਗਿਆ ਹੈ। ਇਸ ਮਾਡਲ ਦਾ ਉਦਘਾਟਨ ਐਤਵਾਰ ਨੂੰ ਵਿਹਿਪ ਦੇ ਕੇਂਦਰੀ ਮੀਤ ਪ੍ਰਧਾਨ ਚੰਪਤ ਰਾਏ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਮਾਡਲ ਨੂੰ 1989 ‘ਚ ਕੁੰਭ ਦੌਰਾਨ ਪ੍ਰਯਾਗ ‘ਚ ਰੱਖਿਆ ਗਿਆ ਸੀ, ਉਸੇ ਮਾਡਲ ਦਾ ਇਹ ਸਰੂਪ ਹੈ। ਇਸੇ ਮਾਡਲ ਦੇ ਆਧਾਰ ‘ਤੇ ਵਿਸ਼ਾਲ ਮੰਦਰ ਦਾ ਨਿਰਮਾਣ ਹੋਣਾ ਹੈ। ਉਸ ਨੂੰ ਬਦਲਿਆ ਨਹੀਂ ਜਾਵੇਗਾ, ਕਿਉਂਕਿ ਉਸ ਦੇ ਪੱਥਰ 20 ਸਾਲ ਤੋਂ ਤਰਾਸ਼ੇ ਜਾ ਰਹੇ ਹਨ। ਇੱਥੇ ਰੱਖੇ ਗਏ ਮਾਡਲ ਦਾ ਨਿਰਮਾਣ ਸੀਤਾਪੁਰ ਦੀਆਂ ਸਵੈਸੇਵੀ ਸੰਸਥਾਵਾਂ ਨੇ ਤਿਆਰ ਕੀਤਾ ਹੈ। ਮੇਲੇ ਤਕ ਇੱਥੇ ਆਉਣ ਵਾਲੇ ਸ਼ਰਧਾਲੂ ਇਸ ਦੇ ਦਰਸ਼ਨ ਕਰ ਸਕਣਗੇ।
ਚੰਪਤ ਰਾਏ ਨੇ ਕਿਹਾ ਕਿ ਇਸੇ ਮੇਲੇ ‘ਚ 20 ਜਨਵਰੀ ਨੂੰ ਕੇਂਦਰੀ ਮਾਰਗ ਦਰਸ਼ਕ ਮੰਡਲ ਦੀ ਬੈਠਕ ਹੋਵੇਗੀ। ਬੈਠਕ ਦੀ ਪ੍ਰਧਾਨਗੀ ਮਹੰਤ ਨ੍ਰਿਤਿਆ ਗੋਪਾਲ ਦਾਸ ਕਰਲਗੇ। ਉਸ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਜੂਨ ਅਖਾੜੇ ਦੇ ਅਚਾਰੀਆ ਮਹਾਂਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ, ਸਾਧਵੀ ਰਿਤੰਪਰਾ, ਬਾਬਾ ਰਾਮਦੇਵ ਸਮੇਤ ਦੇਸ਼ ਭਰ ਦੇ ਸੰਤ ਮਹਾਤਮਾ ਸ਼ਾਮਲ ਹੋਣਗੇ। ਬੈਠਕ ‘ਚ ਹੀ ਰਾਮ ਮੰਦਰ ਬਣਾਉਣ ਦੀ ਤਰੀਕ ਤੈਅ ਕੀਤੀ ਜਾਵੇਗੀ। ਨਾਲ ਹੀ ਮੰਦਰ ਦੇ ਟਰੱਸਟ ਦੀ ਰੂਪਰੇਖਾ ਵੀ ਤੈਅ ਹੋਵੇਗੀ ਕਿ ਉਸ ‘ਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ। 21 ਜਨਵਰੀ ਨੂੰ ਸੰਤ ਸੰਮੇਲਨ ਵੀ ਹੋਵੇਗਾ। ਉਸ ‘ਚ ਮੰਦਰ ਨੂੰ ਲੈ ਕੇ ਹੋਏ ਫ਼ੈਸਲੇ ਨੂੰ ਜਨਤਕ ਕੀਤਾ ਜਾਵੇਗਾ।