ਮਾਇਆਵਤੀ ਵੱਲੋਂ ਸੱਤ ਬਾਗੀ ਵਿਧਾਇਕ ਮੁਅੱਤਲ

ਨਵੀਂ ਦਿੱਲੀ (ਸਮਾਜ ਵੀਕਲੀ) : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਆਪਣੀ ਪਾਰਟੀ ਦੇ ਸੱਤ ਬਾਗੀ ਵਿਧਾਇਕਾਂ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਰਾਮਜੀ ਗੌਤਮ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ ਸੀ। ਦੂਜੇ ਪਾਸੇ ਮੁਅੱਤਲ ਕੀਤੇ ਗਏ ਬਾਗੀ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕੱਢਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਦਾ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ।

ਮਾਇਆਵਤੀ ਨੇ ਆਪਣੇ ਕੁਝ ਵਿਧਾਇਕਾਂ ਦੇ ਪਾਸਾ ਬਦਲਣ ਦੀਆਂ ਕਿਆਸਰਾਈਆਂ ਦਰਮਿਆਨ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਵਿੱਖ ’ਚ ਵਿਧਾਨ ਸਭਾ ਤੇ ਰਾਜ ਸਭਾ ਚੋਣਾਂ ’ਚ ਸਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਉਨ੍ਹਾਂ ਦੀ ਪਾਰਟੀ ਕੋਈ ਕਸਰ ਨਹੀਂ ਛੱਡੇਗੀ ਤੇ ਜ਼ਰੂਰਤ ਪੈਣ ’ਤੇ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਬਾਗੀ ਵਿਧਾਇਕ ਕਿਸੇ ਵੀ ਹੋਰ ਪਾਰਟੀ ’ਚ ਸ਼ਾਮਲ ਹੁੰਦੇ ਹਨ ਤਾਂ ਬਸਪਾ ਉਨ੍ਹਾਂ ਖ਼ਿਲਾਫ਼ ਦਲ ਬਦਲੂ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੁਅੱਤਲ ਕੀਤੇ ਪਾਰਟੀ ਵਿਧਾਇਕਾਂ ਨੂੰ ਕਿਸੇ ਵੀ ਸਮਾਗਮ ’ਚ ਨਾ ਸੱਦਿਆ ਜਾਵੇ।

ਦੂਜੇ ਪਾਸੇ ਬਾਗੀ ਵਿਧਾਇਕਾਂ ’ਚ ਸ਼ਾਮਲ ਅਸਲਮ ਰਾਇਨੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਹ ਪਾਰਟੀ ਪ੍ਰਧਾਨ ਦਾ ਵਿਸ਼ੇਸ਼ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਜੋ ਸਹੀ ਲੱਗੇ ਕਰਨ ਪਰ ਅਸੀਂ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਨਹੀਂ ਜਾ ਰਹੇ।’ ਵਿਧਾਇਕ ਹਾਕਿਮ ਬਿੰਦ ਨੇ ਕਿਹਾ, ‘ਮਾਇਆਵਤੀ ਸਾਡੇ ਆਗੂ ਹਨ ਤੇ ਉਨ੍ਹਾਂ ਦਾ ਫ਼ੈਸਲਾ ਸਾਨੂੰ ਪ੍ਰਵਾਨ ਹੈ। ਅਸੀਂ ਕੱਢੇ ਨਹੀਂ ਗਏ ਸਿਰਫ਼ ਮੁਅੱਤਲ ਕੀਤੇ ਗਏ ਹਾਂ। ਅਸੀਂ ਮਾਇਆਵਤੀ, ਭਾਜਪਾ ਜਾਂ ਸਪਾ ਕਿਸ ਨਾਲ ਮਿਲਣਾ ਹੈ ਇਹ ਸਿਰਫ਼ ਸਮਾਂ ਦੱਸੇਗਾ।’

Previous articleਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਆਰਡੀਨੈਂਸ ਜਾਰੀ
Next articleਆਰਡੀਨੈਂਸ ’ਤੇ ਨਜ਼ਰਸਾਨੀ ਕਰੇਗਾ ਸੁਪਰੀਮ ਕੋਰਟ