‘ਮਹਾਂਗੱਠਜੋੜ’ ਦੇ ਦੋ ਭਾਈਵਾਲਾਂ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਪ੍ਰਧਾਨ ਮੰਤਰੀ ’ਤੇ ਦੋਵੇਂ ਭਾਈਵਾਲਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਵਿੱਚ ਚੋਣ ਰੈਲੀ ਦੌਰਾਨ ਸਪਾ ’ਤੇ ਕਾਂਗਰਸ ਨਾਲ ਨਰਮ ਰੁਖ਼ ਅਪਨਾਉਣ ਦੇ ਦੋਸ਼ ਲਾਉਂਦਿਆਂ ਇਸ ਨੂੰ ਬਸਪਾ ਖ਼ਿਲਾਫ਼ ‘ਵੱਡੀ ਖੇਡ’ ਦਾ ਹਿੱਸਾ ਦੱਸਿਆ ਸੀ। ਬਸਪਾ ਸੁਪਰੀਮੋ ਨੇ ਰਾਇ ਬਰੇਲੀ ਤੋਂ ਉਮੀਦਵਾਰ ਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਅਮੇਠੀ ਤੋਂ ਉਮੀਦਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪੱਖ ਵਿਚ ਨਿੱਤਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਹਲਕਿਆਂ ’ਚ ਸਪਾ-ਬਸਪਾ-ਆਰਐੱਲਡੀ (ਮਹਾਂਗੱਠਜੋੜ) ਦਾ ਇਕ-ਇਕ ਵੋਟ ਗਾਂਧੀ ਪਰਿਵਾਰ ਨੂੰ ਜਾਵੇਗਾ।
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਇਹ ਗਠਜੋੜ ਭਵਿੱਖ ਵਿੱਚ ਵੀ ਕਾਇਮ ਰਹੇਗਾ ਜਦਕਿ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ‘ਗੁੰਮਰਾਹ’ ਕਰ ਰਹੇ ਹਨ। ਮਾਇਆਵਤੀ ਨੇ ਮੋਦੀ ’ਤੇ ਵਰ੍ਹਦਿਆਂ ਕਿਹਾ, ‘‘ਸਪਾ-ਬਸਪਾ-ਆਰਐੱਲਡੀ ਗਠਜੋੜ ਬਣਨ ਤੋਂ ਬਾਅਦ ਭਾਜਪਾ ਦੀਆਂ ਮੁਸੀਬਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਇਸ (ਭਾਜਪਾ) ਦਾ ਢਿੱਡ ਦੁਖਦਾ ਹੈ ਅਤੇ ਭਵਿੱਖ ਵਿੱਚ ਇਸਦਾ ਇਲਾਜ ਵੀ ਨਹੀਂ ਹੋ ਸਕੇਗਾ ਕਿਉਂਕਿ ਸਾਡਾ ਗਠਜੋੜ ਭਵਿੱਖ ਵਿੱਚ ਵੀ ਕਾਇਮ ਰਹੇਗਾ। ਪ੍ਰਧਾਨ ਮੰਤਰੀ ਨੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਦੀ ਗੱਲ ਕੀਤੀ ਹੈ, ਜੋ ਆਧਾਰਹੀਣ ਹੈ। ਉਨ੍ਹਾਂ (ਮੋਦੀ) ਦਾ ਮਕਸਦ ਸਾਨੂੰ ਆਪਸ ਵਿੱਚ ਲੜਾਉਣਾ ਹੈ ਅਤੇ ਸਾਡੇ ਸਮਰਥਕਾਂ ਨੂੰ ਗੁੰਮਰਾਹ ਕਰਨਾ ਹੈ। ਪਰ ਸਾਡਾ ਗਠਜੋੜ ਲੋਕ-ਵਿਰੋਧੀ ਸਰਕਾਰ ਨੂੰ ਮਾਤ ਦੇਵੇਗਾ।’’
ਅਖਿਲੇਸ਼ ਯਾਦਵ ਨੇ ਮੋਦੀ ’ਤੇ ਸਪਾ ਅਤੇ ਬਸਪਾ ਵਿਚ ਫੁੱਟ ਪਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਉਨ੍ਹਾਂ (ਮੋਦੀ) ਦੀ ਨਿਰਾਸ਼ਾ ਦਾ ਸਿੱਟਾ ਹੈ। ਚੋਣਾਂ ਦੇ ਹਰ ਪੜਾਅ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਭਾਸ਼ਾ ਬਦਲ ਜਾਂਦੀ ਹੈ ਕਿਉਂਕਿ ਭਾਜਪਾ ਹਾਰ ਰਹੀ ਹੈ। ਉਨ੍ਹਾਂ ਨੂੰ ਰਾਹ ਨਹੀਂ ਲੱਭ ਰਿਹਾ।
HOME ਮਾਇਆਵਤੀ ਤੇ ਅਖਿਲੇਸ਼ ਨੇ ਮੋਦੀ ਨੂੰ ਘੇਰਿਆ