(ਸਮਾਜ ਵੀਕਲੀ)
ਨਵਨੀਤ, ਤੂੰ ਅੱਜ ਤੋਂ ਸਕੂਲ ਨਾ ਜਾਵੀਂ। ਵੈਸੇ ਵੀ ਤੇਰੇ ਸਕੂਲ ਜਾਣ ਦਾ ਕੋਈ ਫਾਇਦਾ ਤਾਂ ਹੈ ਨਹੀਂ। ਐਵੇਂ ਘਰ ਦਾ ਕੰਮ ਵੀ ਰਹਿ ਜਾਂਦਾ।
ਤੂੰ ਬੱਸ ਘਰ ਦੇ ਕੰਮ ਅਤੇ ਬੱਚਿਆਂ ਤੇ ਧਿਆਨ ਦਿਆ ਕਰ। ਨਵਨੀਤ ਦੇ ਪਤੀ ਸਵਰਨ ਸਿੰਘ ਨੇ ਇੱਕ ਟੁੱਕ ਫੈਸਲਾ ਸੁਣਾਉਂਦਿਆਂ ਕਿਹਾ।
ਪਰ…. ਪਰ…. ਮੈਂ ਤਾਂ ਤੁਹਾਡੇ ਤੋਂ ਪੁੱਛ ਕੇ ਹੀ ਇਹ ਨੌਕਰੀ ਕੀਤੀ ਸੀ। ਫਿਰ ਹੁਣ ਕੀ ਹੋ ਗਿਆ।
ਮੈਂ ਤਾਂ ਆਪਣੇ ਸਾਰੇ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰਦੀ ਹਾਂ ਫਿਰ ਚਾਹੇ ਘਰ ਦੇ ਕੰਮ ਹੋਣ ਜਾਂ ਸਕੂਲ ਦੇ। ਨਵਨੀਤ ਇਸ ਅਚਾਨਕ ਹੋਏ ਫ਼ੈਸਲੇ ਤੋਂ ਹੈਰਾਨ ਸੀ।
ਮੈਂ ਮੰਨਦਾ ਹਾਂ ਕਿ ਮੈਂ ਨੌਕਰੀ ਲਈ ‘ਹਾਂ’ ਕੀਤੀ ਸੀ। ਪਰ ਤੂੰ ਇਸ ਨੌਕਰੀ ਤੋਂ ਕੁੱਝ ਕਮਾ ਕੇ ਵੀ ਲਿਆਵੇਂ ਤਾਂਹੀਂ ਹੈ ਨਾ। ਸਵਰਨ ਸਿੰਘ ਰੁੱਖਾ ਜਿਹਾ ਬੋਲਿਆ।
ਤੁਸੀਂ ਬੇਸ਼ੱਕ ਠੀਕ ਕਹਿ ਰਹੇ ਹੋ। ਮੈਨੂੰ ਪਤਾ ਕਿ ਮੇਰੀ ਤਨਖ਼ਾਹ ਬਹੁਤ ਘੱਟ ਹੈ ਪਰ ਤੁਸੀਂ ਜਾਣਦੇ ਹੋ ਕਿ ਮੈਂ ਸਿਰਫ਼ ਪੈਸਿਆਂ ਖਾਤਿਰ ਇਹ ਨੌਕਰੀ ਨਹੀਂ ਕੀਤੀ ਸੀ।ਬਲਕਿ ਇਸ ਲਈ ਕੀਤੀ ਸੀ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਸਕਾਂ।
ਇਸ ਸਕੂਲ ਵਿੱਚ ਬੱਚੇ ਵੀ ਜਿਆਦਾਤਰ ਬਾਹਰਲੇ ਰਾਜਾਂ ਦੇ ਹਨ ਏਸੇ ਲਈ ਇਸ ਸਕੂਲ ਵਿੱਚ ਅਧਿਆਪਕ ਲੱਗੀ ਸਾਂ। ਇਹਨਾਂ ਬੱਚਿਆਂ ਨੂੰ ਪੰਜਾਬੀ ਸਮਝਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਮੈਂ ਉਹਨਾਂ ਨੂੰ ਬਹੁਤ ਪਿਆਰ ਨਾਲ਼ ਤੇ ਬਹੁਤ ਸਾਰੇ ਢੰਗ-ਤਰੀਕਿਆਂ ਨਾਲ ਸਮਝਾਉਂਦੀ ਹਾਂ। ਨਵਨੀਤ ਨੂੰ ਖੁਦ ਤੇ ਮਾਣ ਮਹਿਸੂਸ ਹੋਇਆ।
ਉਹ ਸੱਭ ਮੈਨੂੰ ਨਹੀਂ ਪਤਾ ਮੈ ਤਾਂ ਇਹ ਜਾਣਦਾ ਹਾਂ ਕਿ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਹੈ। ਜੇ ਇਹੀ ਕੰਮ ਤੂੰ ਕਿਸੇ ਵੱਡੇ ਸਕੂਲ ਵਿੱਚ ਕਰੇਂਗੀ ਤਾਂ ਬਹੁਤ ਵਧੀਆ ਤਨਖ਼ਾਹ ਮਿਲ਼ ਜਾਵੇਗੀ ਤੈਨੂੰ। ਇੰਨੀ ਪੜ੍ਹੀ ਲਿਖੀ ਹੈ ਤੂੰ ਪਰ ਤੇਰੇ ਸਕੂਲ ਵਾਲਿਆਂ ਨੂੰ ਕੋਈ ਕਦਰ ਨਹੀਂ ਤੇਰੇ ਗੁਣਾਂ ਦੀ। ਸਵਰਨ ਸਿੰਘ ਕੁੱਝ ਖਿੱਝ ਕੇ ਬੋਲਿਆ।
ਦੇਖੋ ਜੀ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹਨ। ਬਾਕੀ ਵੱਡੇ ਵੱਡੇ ਸਕੂਲਾਂ ਵਿੱਚ ਵਧੀਆ ਅਧਿਆਪਕ ਹੁੰਦੇ ਹੀ ਹਨ। ਪਰ ਜੇ ਮੈਂ ਇਸ ਸਕੂਲ ਤੋਂ ਹੱਟ ਗਈ ਤਾਂ ਇਹਨਾਂ ਬੱਚਿਆਂ ਨੂੰ ਦਸਵੀਂ ਜਾਂ ਬਾਰ੍ਹਵੀਂ ਪਾਸ ਮੈਡਮ ਹੀ ਮਿਲਣੀ ਹੈ। ਜਿਹੜੀ ਪੰਜਾਬੀ ਦੀਆਂ ਬਰੀਕੀਆਂ ਇਹਨਾਂ ਨੂੰ ਨਹੀਂ ਸਮਝਾ ਸਕੇਗੀ। ਇਸ ਲਈ ਮੈਂ ਇਹ ਨੌਕਰੀ ਨਹੀਂ ਛੱਡਣਾ ਚਾਹੁੰਦੀ, ਨਵਨੀਤ ਨੇ ਹੱਥ ਜੋੜਦਿਆਂ ਕਿਹਾ।
ਠੀਕ ਹੈ ਫ਼ੇਰ! ਪਰ ਤੂੰ ਕਿਸੇ ਨੂੰ ਇਹ ਕਦੇ ਨੀ ਕਹਿਣਾ ਕਿ ਤੂੰ ਨੌਕਰੀ ਕਰ ਰਹੀ ਹੈਂ, ਬੱਸ ਇਹੀ ਕਿਹਾ ਕਰ ਕਿ ਸੇਵਾ ਕਰ ਰਹੀ ਹਾਂ।
ਸਵਰਨ ਸਿੰਘ ਨੇ ਗੱਲ ਮੁਕਾਈ।
ਕੋਈ ਨਾ ਜੀ, ਮਾਂ ਬੋਲੀ ਦੀ ਸੇਵਾ ਨਾਲ਼ ਮੈਨੂੰ ਜੋ ਤੱਸਲੀ ਮਿਲ਼ਦੀ ਹੈ ਓਹੀ ਮੇਰੀ ਤਨਖ਼ਾਹ ਹੈ। ਭਾਗਾਂ ਨਾਲ਼ ਮਿਲ਼ਦੀ ਹੈ ਇਹ ਸੇਵਾ। ਮੇਰੀ ਮਾਂ ਬੋਲੀ ਦਾ ਕਰਜ਼ ਜੋ ਮੇਰੇ ਸਿਰ ਹੈ ਸ਼ਾਇਦ ਇਸ ਸੇਵਾ ਨਾਲ਼ ਮੈਂ ਉਸਦਾ ਕੁੱਝ ਹਿੱਸਾ ਮੋੜ ਸਕਾਂ ਤਾਂ ਇਹ ਮੇਰੀ ਖੁਸ਼ਕਿਸਮਤੀ ਹੋਵੇਗੀ। ਨਵਨੀਤ ਦਾ ਮਨ ਖੁਸ਼ੀ ਨਾਲ਼ ਭਰ ਗਿਆ ਸੀ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly